ਗੁਆਂਢੀ ਨੇ ਕੀਤੀ ਲੜਕੀ ''ਤੇ ਤੇਜ਼ਾਬ ਪਾਉਣ ਦੀ ਕੋਸ਼ਿਸ਼

11/18/2017 7:45:23 AM

ਲੁਧਿਆਣਾ, (ਰਾਮ)- ਸੈਕਟਰ-32 'ਚ ਸਥਿਤ ਇਕ ਕਾਲਜ 'ਚ ਪੜ੍ਹਾਈ ਕਰ ਰਹੀ  ਲੜਕੀ ਦਾ ਪਿੱਛਾ ਕਰਦੇ ਹੋਏ ਉਸ ਦੇ ਇਕ ਗੁਆਂਢੀ ਨੌਜਵਾਨ ਨੇ ਪਹਿਲਾਂ ਇਕਤਰਫਾ ਪਿਆਰ ਕਰ ਕੇ ਉਕਤ ਲੜਕੀ 'ਤੇ ਤੇਜ਼ਾਬ ਪਾਉਣ ਦਾ ਕਥਿਤ ਯਤਨ ਕੀਤਾ ਪਰ ਜਦੋਂ ਉਹ ਇਸ 'ਚ ਕਾਮਯਾਬ ਨਾ ਹੋ ਸਕਿਆ ਤਾਂ ਉਸ ਨੇ ਲਗਾਤਾਰ ਲੜਕੀ ਦਾ ਪਿੱਛਾ ਕਰਨਾ ਜਾਰੀ ਰੱਖਿਆ, ਜਦਕਿ ਲੜਕੀ ਨੇ ਆਪਣੇ ਪਰਿਵਾਰ ਨੂੰ ਪਲ-ਪਲ ਦੀ ਖ਼ਬਰ ਦਿੱਤੀ ਹੋਈ ਸੀ, ਜਿਸ ਕਾਰਨ ਜਦੋਂ ਉਕਤ ਲੜਕਾ ਤੇਜ਼ਾਬ ਪਾਉਣ ਦੀ ਕੋਸ਼ਿਸ਼ ਦੀ ਕਥਿਤ ਘਟਨਾ ਤੋਂ ਬਾਅਦ ਵੀ ਨਾ ਹਟਿਆ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਕਤ ਲੜਕੇ ਨੂੰ ਫੜ ਕੇ ਉਸ ਦੀ ਭੁਗਤ ਸੰਵਾਰੀ ਅਤੇ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕਾ ਜਦੋਂ ਨਾ ਸਮਝਿਆ ਤਾਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਪੀੜਤ ਲੜਕੀ ਦੇ ਪਿਤਾ ਵਲੋਂ ਲੜਕੇ ਖਿਲਾਫ ਦਿੱਤੀ ਸ਼ਿਕਾਇਤ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਮੋਤੀ ਨਗਰ ਦੀ ਮਿੰਦਰਾ ਕਾਲੋਨੀ ਦੀ ਰਹਿਣ ਵਾਲੀ ਇਕ ਲੜਕੀ ਜੋ ਬੀ. ਐੱਡ. ਕਰ ਰਹੀ ਸੀ, ਦਾ ਪਿੱਛਾ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਰਹਿੰਦਾ ਲੜਕਾ  ਅਕਸਰ ਕਰਦਾ ਸੀ ਅਤੇ ਲੜਕੀ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਲੜਕੀ ਨੇ ਉਸ ਨੂੰ  ਅੱਗੋਂ ਝਿੜਕ ਦਿੱਤਾ , ਜਿਸ ਕਾਰਨ ਉਸ ਨੇ ਗੁੱਸੇ 'ਚ ਪੰਜ ਦਿਨ ਪਹਿਲਾਂ ਲੜਕੀ 'ਤੇ ਕਥਿਤ ਤੇਜ਼ਾਬ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਤਰ੍ਹਾਂ ਲੜਕੀ ਇਸ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਗਈ, ਜਿਸ ਨੇ ਇਸਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ, ਜਿਸ ਦੇ ਬਾਅਦ ਪਰਿਵਾਰ ਨੇ ਉਕਤ ਨੌਜਵਾਨ ਦੀ ਚੰਗੀ ਭੁਗਤ ਸੰਵਾਰੀ ਪਰ ਇਸਦੇ ਬਾਅਦ ਵੀ ਉਸ ਨੇ ਲੜਕੀ ਦਾ ਪਿੱਛਾ ਨਹੀਂ ਛੱਡਿਆ ਅਤੇ ਲਗਾਤਾਰ ਭੱਦੀ ਸ਼ਬਦਾਵਲੀ ਵਰਤਦਾ ਰਿਹਾ, ਜਿਸ ਤੋਂ ਬਾਅਦ ਪਰਿਵਾਰ ਨੇ ਉਕਤ ਕਦਮ ਉਠਾਇਆ।