ਵਿਧਾਇਕ ਅੰਗਦ ਸਿੰਘ ਤੇ ਅਦਿਤੀ ਨੇ ਹੁਣ ਸਿੱਖ ਮਰਿਆਦਾ ਅਨੁਸਾਰ ਕਰਵਾਇਆ ਵਿਆਹ (ਤਸਵੀਰਾਂ)

11/23/2019 6:06:44 PM

ਨਵਾਂਸ਼ਹਿਰ (ਤ੍ਰਿਪਾਠੀ) : ਵੀਰਵਾਰ ਰਾਤ ਰਾਏਬ੍ਰੇਲੀ ਦੀ ਵਿਧਾਇਕ ਅਦਿਤੀ ਸਿੰਘ ਦਾ ਵਿਆਹ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨਾਲ ਹੋਇਆ। ਅੱਜ ਭਾਵ ਸ਼ਨੀਵਾਰ ਨੂੰ ਅਦਿਤੀ ਸਿੰਘ ਨੇ ਅੰਗਦ ਸਿੰਘ ਦੇ ਨਿਵਾਸ ਸਥਾਨ 'ਤੇ ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਅਨੰਦ ਕਾਰਜ ਕਰਵਾ ਕੇ ਵਿਆਹ ਦੇ ਬੰਧਨ 'ਚ ਬੱਝੇ। ਅਨੰਦ ਕਾਰਜ ਮੌਕੇ ਪਾਠੀ ਸਿੰਘ ਵਲੋਂ ਸ਼ੁਰੂ ਹੋਣ ਵਾਲੇ ਵਿਆਹ ਦੀ ਰਸਮ ਮੌਕੇ ਕੁੜੀ ਦੇ ਪਿਤਾ ਨੂੰ ਬੁਲਾਏ ਜਾਣ 'ਤੇ ਅਦਿਤੀ ਸਿੰਘ ਨੇ ਪਾਠੀ ਸਿੰਘ ਨੂੰ ਇਸ਼ਾਰਾ ਕੀਤਾ ਕਿ ਉਸਦੇ ਪਾਪਾ ਨਹੀਂ ਹਨ, ਜਿਸ ਕਾਰਨ ਉਨ੍ਹਾਂ ਦੇ ਚਿਹਰੇ 'ਤੇ ਭਾਵਨਾਤਮਕ ਸੰਕੇਤ ਸਪੱਸ਼ਟ ਤੌਰ 'ਤੇ ਦਿਖਾਈ ਦਿੱਤੇ। ਹਾਲਾਂਕਿ ਸਿੰਘ ਪਾਠੀ ਵਲੋਂ ਨਾਲ ਹੀ ਪਿਤਾ ਦੀ ਅਣਮੌਜੂਦਗੀ 'ਚ ਹੋਰ ਰਿਸ਼ਤੇਦਾਰਾਂ ਨੂੰ ਅੱਗੇ ਆ ਕੇ ਰਸਮ ਪੂਰੀ ਕਰਨ ਦੇ ਲਈ ਬੁਲਾਇਆ ਗਿਆ।

ਇੱਥੇ ਦੱਸਣਯੋਗ ਹੈ ਕਿ ਵਿਧਾਇਕ ਅਦਿਤੀ ਸਿੰਘ ਦੇ ਪਿਤਾ ਅਖਿਲੇਸ਼ ਸਿੰਘ ਜੋ ਸਦਰ ਵਿਧਾਨ ਸਭਾ ਖੇਤਰ 'ਚ 5 ਵਾਰ ਕਾਂਗਰਸ ਦੇ ਵਿਦਾਇਕ ਰਹੇ ਹਨ ਦੀ ਕੁਝ ਮਹੀਨੇ ਪਹਿਲਾ ਮੌਤ ਹੋ ਗਈ। ਵੀਰਵਾਰ ਵਿਆਹ ਬੰਧਨ 'ਚ ਜੁੜਨ ਤੋਂ ਪਹਿਲਾ ਵਿਧਾਇਕ ਅਦਿਤੀ ਸਿੰਘ ਨੇ ਆਪਣੇ ਪਾਪਾ ਨੂੰ ਸਮਰਣ ਕਰਦੇ ਹੋਏ ਆਈ.ਲਵ.ਯੂ ਪਾਪਾ, ਆਈ.ਮਿਸ.ਯੂ. ਪਾਪਾ ਲਿਖ ਕੇ ਟਵੀਟ ਕਰਕੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਜਾਹਿਰ ਕੀਤਾ ਸੀ।

ਅੱਜ ਨਵਾਂਸ਼ਹਿਰ 'ਚ ਵਿਧਾਇਕ ਅੰਗਦ ਸਿੰਘ ਦੇ ਨਿਵਾਸ ਸਥਾਨ ਤੇ ਆਨੰਦ ਕਾਰਜ ਦੇ ਨਾਲ-ਨਾਲ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ। ਜਿਸ 'ਚ ਪੰਜਾਬ ਵਿਧਾਨ ਸਭਾ ਦੇ ਸਾਰੇ ਵਿਧਾਇਕ, ਕਾਂਗਰਸ ਸਰਕਾਰ ਦੇ ਮੰਤਰੀ, ਸੰਸਦ ਮੈਂਬਰ ਅਤੇ ਹੋਰ ਕਈ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ।

ਇਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਪਰਨੀਤ ਕੌਰ, ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ, ਜੰਗਲਤਾ ਮੰਤਰੀ ਸਾਧੂ ਸਿੰਘ ਧਰਮਸੋਤ, ਚੇਅਰਮੈਨ ਮੰਡੀ ਬੋਰਡ ਪੰਜਾਬ ਲਾਲ ਸਿੰਘ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਜਗਦੇਵ ਸਿੰਘ, ਵਿਧਾਇਕ ਨਥੂਰਾਮ ਮਲੋਟ, ਵਿਧਾਇਕ ਸੁਰਜੀਤ ਧੀਮਾਨ ਅਮਰਗੜ, ਵਿਧਾਇਕ ਧਰਮਵੀਰ ਅਗਨੀਹੋਤਰੀ ਤਰਨਤਾਰਨ, ਜ਼ਿਲਾ ਕਾਂਗਰਸ ਪ੍ਰਧਾਨ ਨਵਾਂਸ਼ਹਿਰ ਪ੍ਰੇਮ ਚੰਦ ਭੀਮਾ, ਸੰਸਦ ਮੈਂਬਰ ਮਨੀਸ਼ ਤਿਵਾੜੀ ਆਨੰਦਪੁਰ ਸਾਹਿਬ, ਸੁੱਖ ਸਰਕਾਰਿਆ ਕੈਬੇਨਿਟ ਮੰਤਰੀ, ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ, ਜਗਦੇਵ ਸਿੰਘ ਮੋੜ, ਚੇਅਰਮੈਨ ਇੰਪਰੂਵਮੈਂਟ ਟਰੱਸਟ ਅਮ੍ਰਿਤਸਰ ਦਿਨੇਸ਼, ਪਵਨ ਦੀਵਾਨ ਚੇਅਰਮੈਨ ਲਾਰਜ ਸਕੇਲ ਇੰਡਸਟਰੀ ਦੇ ਇਲਾਵਾ ਪੰਜਾਬ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਆਦਿ ਹਾਜ਼ਰ ਸਨ।

ਵਿਧਾਇਕ ਅੰਗਦ ਅਤੇ ਵਿਧਾਇਕ ਅਦਿਤੀ ਸਿੰਘ ਦੇ ਵਿਆਹ ਦੀ ਵਰਕਰਜ਼ ਦੇ ਲਈ ਰਿਸੈਪਸ਼ਨ ਪਾਰਟੀ 25 ਨਵੰਬਰ ਨੂੰ ਰਾਹੋਂ ਰੋਡ ਸਥਿਤ ਦੋਆਬਾ ਆਰੀਆ ਸਕੂਲ 'ਚ ਰੱਖੀ ਗਈ ਹੈ। ਜਿਸਦੇ ਲਈ ਕਰੀਬ ਕਾਰਡ ਭੇਜਣ ਦੀ ਡਿਊਟੀ ਨਵਾਂਸ਼ਹਿਰ ਦੇ ਨਗਰ ਕੌਂਸਲ ਪ੍ਰਧਾਨ, ਕੌਂਸਲਰ ਅਤੇ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਤੇ ਹੋਰ ਪਾਰਟੀ ਆਗੂਆਂ ਦੀ ਲਗਾਈ ਗਈ ਹੈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਪਾਰਟੀ 'ਚ ਕਰੀਬ 10 ਹਜ਼ਾਰ ਲੋਕਾਂ ਦੇ ਆਉਣ ਦੀ ਉਮੀਦ ਹੈ।



 

Baljeet Kaur

This news is Content Editor Baljeet Kaur