ਪੰਜਾਬ ਦੀਆਂ ਜੇਲਾਂ ''ਚ ਵਧਾਈ ਜਾਵੇ ਫੋਰਸ: ਚੀਮਾ

06/29/2019 6:45:05 PM

ਕਪੂਰਥਲਾ (ਓਬਰਾਏ)— ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੰਨਿਆ ਹੈ ਕਿ ਪੰਜਾਬ ਦੀਆਂ ਜੇਲਾਂ 'ਚ ਪੁਲਸ ਦੀ ਨਫਰੀ ਘੱਟ ਹੈ। ਉਨ੍ਹਾਂ ਨੇ ਕਿਹਾ ਜੇਲਾਂ 'ਚ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਵੱਧ ਤੋਂ ਵੱਧ ਫੋਰਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਜੇਲ ਗਾਰਦ ਆਧੁਨਿਕ ਸੂਵਿਧਾਵਾਂ ਨਾਲ ਲੈਸ ਹੋ ਕੇ ਡਿਉਟੀ ਕਰੇ। ਉਨ੍ਹਾਂ ਨੇ ਰਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਜੇਲਾਂ ਲਈ ਸੀ. ਆਰ. ਪੀ. ਐੱਫ. ਦੀਆਂ ਕੰਪਨੀਆਂ ਦੀ ਤਾਇਨਾਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਅਜਿਹੇ ਮਾਮਲਿਆਂ ਨੂੰ ਲੈ ਕੇ ਕਾਫੀ ਗੰਭੀਰ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਵਾਦ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਕੋਈ ਖਾਸ ਮਸਲਾ ਨਹੀਂ ਹੈ। ਪਰਿਵਾਰ 'ਚ ਲੜਾਈ-ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਿੱਲੀ ਗਏ ਹੋਏ ਹਨ ਅਤੇ ਹਾਈਕਮਾਂਡ ਨਾਲ ਚਰਚਾ ਕਰਨ ਤੋਂ ਬਾਅਦ ਇਸ ਸਮੱਸਿਆ ਦਾ ਹਲ ਨਿਕਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਮਾਮਲਾ ਨਿਬੜ ਜਾਵੇਗਾ। ਅਸੀਂ ਸਾਰੇ ਹੀ ਇਕੱਠੇ ਹਾਂ। 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਸਿੱਕਾ ਜਾਰੀ ਕਰਨ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਚੀਮਾ ਨੇ ਕਿਹਾ ਕਿ ਇਸ ਦੇ ਇਲਾਵਾ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਬਣਾਉਣ ਨੂੰ ਲੈ ਕੇ ਵੀ ਕੀਤਾ ਗਿਆ ਐਲਾਨ ਅਤੇ ਯੂ. ਐੱਨ. ਓ. ਵੱਲੋਂ ਸੁਲਤਾਨਪੁਰ ਲੋਧੀ 'ਚ ਵੱਡੀ ਯੂਨੀਵਰਸਿਟੀ ਦਾ ਫੈਸਲਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਰੋਹ ਲਈ ਅਹਿਮ ਰਹੇਗਾ।