ਰਾਣਾ ਗੁਰਜੀਤ ਦੇ ਰੇਤ ਖੱਡਾਂ ਦੇ ਮੁੱਦੇ ''ਤੇ ਸਿੱਧੂ ਨੇ ਝਾੜਿਆ ਪੱਲਾ, ਕਿਹਾ-''ਕੈਪਟਨ ਦਾ ਮਹਿਕਮਾ ਹੈ, ਉਹ ਹੀ ਕਰਨਗੇ

05/27/2017 7:13:33 PM

ਲੁਧਿਆਣਾ— ਪੰਜਾਬ ਦੇ ਸਥਾਨਕ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਰੇਤ ਖੱਡਾਂ ਦੀ ਨੀਲਾਮੀ ਦੀ ਪ੍ਰਕਿਰਿਆ ''ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਪ੍ਰਤੱਖ ਹਿੱਸੇ ਨਾਲ ਉੱਠੇ ਵਿਵਾਦ ''ਤੇ ਕੁਝ ਵੀ ਕਹਿਣ ਤੋਂ ਪੱਲਾ ਝਾੜਦੇ ਦਿਸੇ। ਲੁਧਿਆਣਾ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਇਹ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਦਾ ਹੈ। ਉਹ ਜ਼ਰੂਰ ਇਸ ਦੀ ਜਾਂਚ ਕਰ ਰਹੇ ਹੋਣਗੇ ਅਤੇ ਜਲਦੀ ਹੀ ਉਹ ਇਸ ''ਤੇ ਆਪਣਾ ਬਿਆਨ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਪੰਜਾਬ ਕਾਂਗਰਸ ਪਾਰਟੀ ਮੁੱਖ ਮੰਤਰੀ ਦੇ ਨਾਲ ਡੱਟ ਕੇ ਪਹਿਰਾ ਦੇਵੇਗੀ। 
ਜ਼ਿਕਰਯੋਗ ਹੈ ਕਿ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਲੁਧਿਆਣਾ ''ਚ ਸੀਵਰੇਜ ਦੀ ਸਫਾਈ ਲਈ ਦੋ ਸੁਪਰ ਮਸ਼ੀਨਾਂ ਦਾ ਸ਼ੁੱਭ ਆਰੰਭ ਕੀਤਾ ਅਤੇ ਕਿਹਾ ਕਿ ਇਕ ਹੋਰ ਮਸ਼ੀਨ ਲੁਧਿਆਣਾ ਲਈ ਜਲਦੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸੰਤ ਸੀਚੇਵਾਲ ਦੇ ਸਹਿਯੋਗ ਨਾਲ ਲੁਧਿਆਣਾ ਦੇ ਬੁੱਢਾਨਾਲੇ ਦੀ ਸਫਾਈ ਕੀਤੀ ਜਾਵੇਗੀ। ਇਸ ਦੇ ਲਈ ਉਹ ਐੱਮ. ਪੀ., ਐੱਮ. ਐੱਲ.ਏ. ਦੇ ਨਾਲ ਸੰਤ ਸੀਚੇਵਾਲ ਨਾਲ ਜਲਦੀ ਹੀ ਉਹ ਮੁਲਾਕਾਤ ਕਰਨਗੇ। ਸਿੱਧੂ ਨੇ ਕਿਹਾ ਕਿ ਹਰ ਸ਼ਹਿਰ ''ਚ 5 ਮਸ਼ੀਨਾਂ ਦੀ ਲੋੜ ਹੈ ਜਾਂ ਫਿਰ ਇਕ ਹੀ ਮਸ਼ੀਨ ਦੇ ਨਾਲ ਸੀਵਰੇਜ ਸਾਫ ਕਰਨ ਵਾਲੀਆਂ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਨੂੰ ਲਗਾਇਆ ਜਾਣਾ ਚਾਹੀਦਾ ਹੈ ਪਰ ਫਿਲਹਾਲ ਪੰਜਾਬ ਦੇ ਹਰ ਸ਼ਹਿਰ ''ਚ ਤਿੰਨ-ਤਿੰਨ ਸੁਪਰ ਸੈਕਸ਼ਨ ਦੀਆਂ ਮਸ਼ੀਨਾਂ ਲਗਾਈਆਂ ਜਾ ਰਹੀ ਹੈ। ਅੰਮ੍ਰਿਤਸਰ ਅਤੇ ਲੁਧਿਆਣੇ ਤੋਂ ਬਾਅਦ ਹੁਣ ਪਟਿਆਲਾ, ਬਠਿੰਡਾ, ਅਬੋਹਰ, ਮੁਕਤਸਰ ਆਦਿ ''ਚ ਉਹ ਇਨ੍ਹਾਂ ਮਸ਼ੀਨਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ 5 ਜੂਨ ਨੂੰ ਲੁਧਿਆਣਾ ਅਤੇ ਪਠਾਨਕੋਟ ''ਚ ਸਾਲਿਡ ਵੇਸਟ ਮੈਨੇਜਮੈਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ ਨੇ ਇਨ੍ਹਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਕੇਜਰੀਵਾਲ ਦੇ ਪੰਜਾਬ ਦੇ ਦੌਰੇ ''ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ''ਚੋਂ ਜਾਣ ਲਈ ਕਿਸਨੇ ਕਿਹਾ ਸੀ। ਕੇਜਰੀਵਾਲ ਨੂੰ ਪੰਜਾਬ ਦੇ ਲੋਕ ਹੁਣ ਨਕਾਰ ਚੁੱਕੇ ਹਨ।