ਪੰਜਾਬ ਸਕੱਤਰੇਤ ਅਜੇ ਵੀ ਸਿੱਧੂ ਨੂੰ ਹੀ ਮੰਨਦਾ ਹੈ ਬਿਜਲੀ ਮੰਤਰੀ (ਵੀਡੀਓ)

07/21/2019 6:39:38 PM

ਚੰਡੀਗੜ੍ਹ— ਨਵਜੋਤ ਸਿੰਘ ਸਿੱਧੂ ਵੱਲੋਂ ਭਾਵੇਂ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਗਿਆ ਹੈ ਅਤੇ ਇਸ ਅਸਤੀਫੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਨਜ਼ੂਰ ਕਰ ਲਿਆ ਹੈ ਪਰ ਅਜੇ ਵੀ ਸਿੱਧੂ ਪੰਜਾਬ ਸਕੱਤਰੇਤ ਦੀਆਂ ਨਜ਼ਰਾਂ 'ਚ ਬਿਜਲੀ ਮੰਤਰੀ ਹੀ ਹਨ। ਚੰਡੀਗੜ੍ਹ ਸਥਿਤ ਸਿੱਧੂ ਦੇ ਦਫਤਰ 'ਚ ਅਜੇ ਤੱਕ ਵੀ ਪੰਜਾਬ ਕੈਬਨਿਟ ਮੰਤਰੀ ਦੀ ਪੱਟੀ ਲੱਗੀ ਹੋਈ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਦੀ 5ਵੀਂ ਮੰਜ਼ਿਲ 'ਤੇ ਸਿੱਧੂ ਨੂੰ 32 ਨੰਬਰ ਕਮਰਾ ਅਲਾਟ ਕੀਤਾ ਗਿਆ ਸੀ। ਬਤੌਰ ਕੈਬਨਿਟ ਮੰਤਰੀ ਸਿੱਧੂ ਇਸੇ ਹੀ ਕਮਰੇ 'ਚ ਬੈਠਦੇ ਰਹੇ ਹਨ। ਵਿਭਾਗ ਬਦਲਣ ਤੋਂ ਬਾਅਦ ਪਹਿਲਾ ਕਮਰੇ ਦੇ ਬਾਹਰੋਂ ਵਿਭਾਗ ਦੀ ਨੇਮ ਪਲੇਟ ਬਦਲ ਦਿੱਤੀ ਗਈ ਪਰ ਇਸ ਦੇ ਨਾਲ ਹੀ ਸਿੱਧੂ ਦਾ ਮਨ ਵੀ ਬਦਲ ਗਿਆ। 

ਮੁੱਖ ਮੰਤਰੀ ਤੋਂ ਨਾਰਾਜ਼ ਸਿੱਧੂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਦੇ ਦਫਤਰ 'ਚ ਭੇਜ ਦਿੱਤਾ ਗਿਆ ਸੀ, ਜਿਸ ਨੂੰ ਬਾਅਦ 'ਚ ਕੈਪਟਨ ਵੱਲੋਂ ਮਨਜ਼ੂਰ ਵੀ ਕਰ ਲਿਆ ਗਿਆ ਸੀ। ਕੈਪਟਨ ਅਤੇ ਸਿੱਧੂ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ। ਇੰਨਾ ਹੀ ਨਹੀਂ ਸਿੱਧੂ ਨੇ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਨੂੰ ਵੀ ਖਾਲੀ ਕਰ ਦਿੱਤਾ। ਇਸ ਦੇ ਬਾਵਜੂਦ ਪੰਜਾਬ ਸਕੱਤਰੇਤ ਅਜੇ ਵੀ ਸਿੱਧੂ ਦੀ ਉਡੀਕ ਹੈ। ਨਵਜੋਤ ਸਿੰਘ ਸਿੱਧੂ ਦੇ ਦਫਤਰ ਤੋਂ ਅਜੇ ਤੱਕ ਕੈਬਨਿਟ ਮੰਤਰੀ ਦੀ ਪੱਟੀ ਨਹੀਂ ਹਟਾਈ ਹੈ। ਇਥੇ ਅਜੇ ਵੀ ਨਵਜੋਤ ਸਿੰਘ ਸਿੱਧੂ ਦੇ ਨਾਂ ਦੇ ਅੱਗੇ ਬਿਜਲੀ ਮੰਤਰੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਲਿਖਿਆ ਹੋਇਆ ਹੈ।