'ਜਗ ਬਾਣੀ’ ਟੀ. ਵੀ. ਦੇ ਸਵਾਲ ਦਾ ਅਸਰ, ਸਿੱਧੂ ਨੇ ਕੈਪਟਨ ਨੂੰ ਲਿਖੀ ਚਿੱਠੀ (Video)

04/11/2019 11:25:44 AM

ਜਲੰਧਰ (ਵੈਬ ਡੈਸਕ)– ‘ਜਗ ਬਾਣੀ’ ਟੀ. ਵੀ. ਦੇ ਸੀਨੀਅਰ ਸਿਆਸੀ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਗਈ ਇੰਟਰਵਿਊ ਦੌਰਾਨ ਜਲਿਆਂਵਾਲਾ ਬਾਗ ਦੇ ਨਾਲ ਲੱਗਦੀ ਦੁੱਗਲਾਂ ਵਾਲੀ ਗਲੀ ਦੇ ਨਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਅਸਰ ਹੋ ਗਿਆ ਹੈ। ਸਿੱਧੂ ਨੇ ਦੁੱਗਲਾਂ ਵਾਲੀ ਗਲੀ ਦਾ ਨਾਂ ਮੁੜ ਤੋਂ ਕ੍ਰਾਲਿੰਗ ਸਟ੍ਰੀਟ ਰੱਖੇ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ 13 ਅਪ੍ਰੈਲ ਤੋਂ ਪਹਿਲਾਂ ਇਸ ਦਾ ਨਾਂ ਬਦਲਣ ਦੀ ਮੰਗ ਕੀਤੀ ਹੈ। ਇਸ ਗਲੀ ਵਿਚ ਅੰਗਰੇਜ਼ਾਂ ਦੇ ਜ਼ੁਲਮ ਕਾਰਨ ਹਿੰਦੁਸਤਾਨੀਆਂ ਨੂੰ ਖੜ੍ਹੇ ਹੋ ਕੇ ਨਿਕਲਣ ਦੀ ਬਜਾਏ ਲੇਟ ਕੇ ਨਿਕਲਣਾ ਪਿਆ ਸੀ।
ਸਿੱਧੂ ਨੇ ਦੱਸਿਆ ਕਿ ਉਂਝ ਤਾਂ ਕੇਂਦਰ ਸਰਕਾਰ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਪਰ ਜਲਿਆਂਵਾਲਾ ਬਾਗ ਦੇ ਗੌਰਵਮਈ ਇਤਿਹਾਸ ਦੀ 100ਵੀਂ ਵਰ੍ਹੇਗੰਢ ਨੂੰ ਧੂਮਧਾਮ ਨਾਲ ਮਨਾਉਣ ਲਈ ਜਲਿਆਂਵਾਲਾ ਬਾਗ ਟਰੱਸਟ ਦੇ ਚੇਅਰਮੈਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੱਕ ਨਾ ਤਾਂ ਖੁਦ ਕੁਝ ਕੀਤਾ ਹੈ ਅਤੇ ਨਾ ਹੀ ਪੰਜਾਬ ਸਰਕਾਰ ਨੂੰ ਇਸ ਇਤਿਹਾਸਕ ਵਿਰਾਸਤ ਦਾ ਵਿਕਾਸ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਜਿਸ ਕਾਰਨ 100ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਪੰਜਾਬ ਸਰਕਾਰ ਦੀਆਂ ਸਭ ਤਿਆਰੀਆਂ ਬੇਕਾਰ ਚਲੀਆਂ ਗਈਆਂ ਹਨ।
ਬਾਕਸ
ਕ੍ਰਾਲਿੰਗ ਸਟ੍ਰੀਟ ਦੀ ਇਤਿਹਾਸਕਤਾ
10 ਅਪ੍ਰੈਲ 1919 ਵਾਲੇ ਦਿਨ ਮਿਸ ਮਾਰਸੇਲਾ ਸ਼ੀਅਰਵੁੱਡ ਇਸ ਤੰਗ ਗਲੀ ਤੋਂ ਸਾਈਕਲ ਰਾਹੀਂ ਲੰਘ ਰਹੀ ਸੀ ਕਿ ਭੀੜ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਸਮੇਂ ਹਮਲਾ ਕਰਨ ਵਾਲਿਆਂ ਤੋਂ ਮੁਹੱਲੇ ਦੇ ਕੁਝ ਲੋਕਾਂ ਨੇ ਸ਼ੀਅਰਵੁੱਡ ਨੂੰ ਬਚਾਅ ਲਿਆ ਪਰ ਅੰਮ੍ਰਿਤਸਰ ਵਿਖੇ ਵਾਪਰੀ ਇਸ ਘਟਨਾ ਨੂੰ ਬਰਤਾਨਵੀ ਸਰਕਾਰ ਨੇ ਨਿੱਜੀ ਹਮਲੇ ਦੇ ਰੂਪ ਵਿਚ ਲਿਆ ਅਤੇ ਜਨਰਲ ਡਾਇਰ ਨੇ ਖੁਦ ਇਸ ਗਲੀ ਦਾ ਦੌਰਾ ਕੀਤਾ। ਡਾਇਰ ਨੇ ਉਥੇ ਇਕ ਰੱਸੀ ਬਣਵਾ ਦਿੱਤੀ। ਰੱਸੀ ਬੰਨ੍ਹਵਾਉਣ ਦਾ ਅਰਥ ਇਹ ਸੀ ਕਿ ਜੋ ਵੀ ਇਸ ਗਲੀ ਵਿਚੋਂ ਲੰਘੇਗਾ, ਉਹ ਲੇਟ ਕੇ ਲੰਘੇਗਾ। ਉਥੇ ਇਕ ਮੰਦਰ ਸੀ। ਅੰਗਰੇਜ਼ ਸਰਕਾਰ ਦਾ ਹੁਕਮ ਨਾ ਮੰਨਣ ਵਾਲਿਆਂ ਨੂੰ ਮੰਦਰ ਕੋਲ ਸਥਿਤ ਇਕ ਖੂਹ ਦੇ ਨੇੜੇ ਬੰਨ੍ਹ ਕੇ ਕੋੜੇ ਮਾਰੇ ਜਾਂਦੇ ਸਨ।

Inder Prajapati

This news is Content Editor Inder Prajapati