ਸਿੱਧੂ ਕਾਂਗਰਸ ''ਚ : ਪੁੱਤ ਕਪੁੱਤ ਹੋ ਗਿਆ : ਭਾਜਪਾ

01/16/2017 12:12:18 PM

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ''ਚ ਸ਼ਾਮਲ ਹੋਣ ''ਤੇ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਕਪੁੱਤ ਪੁੱਤ ਦੱਸਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਮਾਂ ਪਾਰਟੀ ਆਖਦਾ ਸੀ। ਉਹ ਮਾਂ ਪਾਰਟੀ ਜਿਸਨੇ ਸਿੱਧੂ ਨੂੰ ਰਾਜਨੀਤਿਕ ਮੰਚ ਦਿੱਤਾ, ਰਾਜਨੀਤਿਕ ਪਛਾਣ ਦਿੱਤੀ, ਤਿੰਨ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਾਇਆ, ਪਤਨੀ ਨਵਜੋਤ ਕੌਰ ਸਿੱਧੂ ਨੂੰ ਵਿਧਾਇਕ ਫਿਰ ਸੰਸਦੀ ਸਕੱਤਰ ਬਣਾਇਆ। ਜਿਸ ਮਾਂ ਪਾਰਟੀ ਭਾਜਪਾ ਨੇ ਸਿੱਧੂ ਨੂੰ ਰਾਜ ਸਭਾ ਸੰਸਦ ਮੈਂਬਰ ਬਣਾਇਆ, ਪਾਰਟੀ ਦਾ ਸਟਾਰ ਪ੍ਰਚਾਰਕ ਬਣਾਇਆ, ਉਸ ਮਾਂ ਪਾਰਟੀ ਨਾਲ ਸਿੱਧੂ ਦਗਾ ਕਮਾ ਗਿਆ। ਉਨ੍ਹਾਂ ਆਖਿਆ ਕਿ ਭਾਜਪਾ ਨੇ ਤਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਦਿੱਤਾ ਹੀ ਦਿੱਤਾ ਹੈ, ਲਿਆ ਕੁਝ ਨਹੀਂ, ਅਜਿਹੇ ਵਿਚ ਸਾਫ਼ ਹੈ ਕਿ ਮਾਤਾ ਕੁਮਾਤਾ ਨਹੀਂ ਹੋਈ, ਪੁੱਤ ਹੀ ਕਪੁੱਤ ਨਿਕਲਿਆ।
ਰਾਹੁਲ ਗਾਂਧੀ ਅੱਗੇ ਝੁਕ ਕੇ ਉਨ੍ਹਾਂ ਦੇ ਦਲ ਵਿਚ ਸ਼ਾਮਲ ਹੋਣ ਵਾਲੀ ਤਸਵੀਰ ''ਤੇ ਟਿੱਪਣੀ ਕਰਦਿਆਂ ਸਾਂਪਲਾ ਨੇ ਆਖਿਆ ਕਿ ਕੱਲ ਤੱਕ ਤਾਂ ਨਵਜੋਤ ਸਿੱਧੂ ਹਰ ਮੰਚ ਤੋਂ ਰਾਹੁਲ ਗਾਂਧੀ ਲਈ ''ਪੱਪੂ'' ਸ਼ਬਦ ਦਾ ਪ੍ਰਯੋਗ ਕਰਦਾ ਸੀ ਤੇ ਅੱਜ ਉਹੀ ''ਪੱਪੂ'' ਸਿੱਧੂ ਦਾ ਸਿਆਸੀ ਗੁਰੂ ਬਣ ਗਿਆ। ਉਨ੍ਹਾਂ ਆਖਿਆ ਕਿ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਖ਼ਿਲਾਫ਼ ਬੋਲਦਿਆਂ ਰਜਵਾੜਾਸ਼ਾਹੀ ਰਾਜ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਦਾ ਸੀ ਤੇ ਅੱਜ ਇਹ ਰਜਵਾੜਾਸ਼ਾਹੀ ਉਸ ਨੂੰ ਪੰਜਾਬੀਅਤ ਦੀ ਸੇਵਾਦਾਰ ਦਿਸਣ ਲੱਗ ਪਈ। ਭਾਜਪਾ ਨੇ ਨਵਜੋਤ ਸਿੱਧੂ ਦੇ ਇਸ ਕਦਮ ਨੂੰ ਨਿੱਜਤਾ, ਲਾਲਚ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ।

Gurminder Singh

This news is Content Editor Gurminder Singh