ਨਵਜੋਤ ਸਿੰਘ ਸਿੱਧੂ ਨਾਲ ''ਆਪ'' ਆਗੂ ਅਤੁਲ ਨਾਗਪਾਲ ਨੇ ਕੀਤੀ ਮੁਲਾਕਾਤ

03/28/2018 12:28:22 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਵਿਰਾਸਤੀ ਦਰਜਾ ਪ੍ਰਾਪਤ ਕਰ ਚੁੱਕੀਆਂ ਫਾਜ਼ਿਲਕਾ ਦੀਆਂ ਇਮਾਰਤਾਂ ਦੀ ਮੁਰੰਮਤ ਅਤੇ ਦੇਖ-ਭਾਲ ਲਈ ਫੰਡ ਜਾਰੀ ਕਰਨ ਦੀ ਮੰਗ ਸਬੰਧੀ 'ਆਪ' ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਓ. ਐੱਸ. ਡੀ. ਅਤੁਲ ਨਾਗਪਾਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਨਾਗਪਾਲ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਫਾਜ਼ਿਲਕਾ ਦੀਆਂ 100 ਸਾਲਾਂ ਤੋਂ ਵੱਧ ਪੁਰਾਣੀਆਂ ਇਮਾਰਤਾਂ ਰਘੁਵਰ ਭਵਨ, ਗੋਲ ਕੋਠੀ ਅਤੇ ਬੰਗਲਾ ਨੂੰ ਸੁਰੱਖਿਅਤ ਇਮਾਰਤਾਂ ਐਲਾਣਿਆ ਜਾ ਚੁੱਕਾ ਹੈ ਪਰ ਨਾ ਤਾਂ ਵਿਭਾਗ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਅੱਗੇ ਦੀ ਕੋਈ ਕਾਰਵਾਈ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਇਮਾਰਤਾਂ 'ਤੇ ਵਿਭਾਗ ਵੱਲੋਂ ਕੋਈ ਵੀ ਬੋਰਡ ਤੱਕ ਨਹੀਂ ਲਾਇਆ ਗਿਆ, ਜਿਸ ਤੋਂ ਪਤਾ ਲੱਗ ਸਕੇ ਕਿ ਇਹ ਇਮਾਰਤਾਂ ਇਤਿਹਾਸਕ ਇਮਾਰਤਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਦੇਖ-ਭਾਲ ਲਈ ਅੱਜ ਤੱਕ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ। ਦੇਖ-ਭਾਲ ਦੀ ਕਮੀ ਅਤੇ ਫੰਡ ਜਾਰੀ ਨਾ ਹੋਣ ਕਾਰਨ ਇਹ ਇਮਾਰਤਾਂ ਹੁਣ ਖੰਡਰ ਬਣਦੀਆਂ ਜਾ ਰਹੀਆਂ ਹਨ। ਨਾਗਪਾਲ ਨੇ ਦੱਸਿਆ ਕਿ ਪੰਜਾਬ ਦੀ ਵੈਟਲੈਂਡ ਵਿਚ ਸ਼ੁਮਾਰ ਰਹੀ ਬਾਧਾ ਝੀਲ ਨੂੰ ਬਚਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾਣ। ਫਾਜ਼ਿਲਕਾ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਵੇਖਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ, ਜੇਕਰ ਫਾਜ਼ਿਲਕਾ ਦੀਆਂ ਇਤਿਹਾਸਕ ਇਮਾਰਤਾਂ ਨੂੰ ਸੰਭਾਲਿਆ ਜਾਵੇ ਤਾਂ ਫਾਜ਼ਿਲਕਾ ਵਿਚ ਸੈਲਾਨੀਆਂ ਦੀ ਗਿਣਤੀ 'ਚ ਭਾਰਤੀ ਵਾਧਾ ਹੋ ਸਕਦਾ ਹੈ। ਨਾਗਪਾਲ ਨੇ ਇਹ ਵੀ ਦੱਸਿਆ ਕਿ ਅਬੋਹਰ ਦੇ ਵਿਕਾਸ ਕੰਮਾਂ ਦੇ ਤਹਿਤ ਚਲ ਰਹੀ ਅਮਰੁਤ ਯੋਜਨਾ ਦਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਕਈ ਲੋਕ ਇਸ ਯੋਜਨਾ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਇਸ ਯੋਜਨਾ ਦਾ ਕੰਮ ਸਹੀ ਢੰਗ ਨਾਲ ਚਲਾਉਣ ਦੀ ਮੰਗ ਕੀਤੀ। ਇਸ ਮੌਕੇ ਕੈਬੀਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਵਿਧਾਨ ਸਭਾ ਦਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਉਹ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕਰਨਗੇ ਅਤੇ ਪੂਰੀ ਯੋਜਨਾ ਲਈ ਵਿਕਾਸ ਕੰਮਾਂ ਵਾਸਤੇ ਜ਼ਰੂਰਤ ਮੁਤਾਬਕ ਫੰਡ ਜਾਰੀ ਕੀਤਾ ਜਾਵੇਗਾ।