ਮੇਅਰ ਮਾਮਲੇ ''ਚ ਯੂ-ਟਰਨ : ਸਿੱਧੂ ਦੀ ਕਾਰਵਾਈ ਬਣੀ ਚਰਚਾ ਦਾ ਵਿਸ਼ਾ

01/05/2018 7:14:13 AM

ਚੰਡੀਗੜ੍ਹ(ਭੁੱਲਰ)-ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਕਾਰਵਾਈ ਸਬੰਧੀ ਜਾਰੀ ਹੋਏ ਸਰਕਾਰੀ ਨਿਰਦੇਸ਼ਾਂ ਬਾਰੇ ਅਧਿਕਾਰੀਆਂ ਵਲੋਂ ਲਏ ਗਏ ਯੂ-ਟਰਨ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਸ਼ਾਮ 5 ਵਜੇ ਜੋ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਸੀ, ਉਸ ਵਿਚ ਲਿਖਿਆ ਗਿਆ ਸੀ ਕਿ ਮੇਅਰ ਕੁਲਵੰਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮੇਅਰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ ਕੌਂਸਲਰ ਅਹੁਦੇ ਤੋਂ ਵੀ ਮੁਅੱਤਲ ਕਰਨ ਦੀ ਗੱਲ ਕਹੀ ਗਈ ਸੀ ਪਰ 2 ਘੰਟੇ ਦੇ ਫਰਕ ਨਾਲ 7 ਵਜੇ ਤੋਂ ਬਾਅਦ ਵਿਭਾਗ ਵੱਲੋਂ ਸੋਧ ਕੇ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਮੇਅਰ ਕੁਲਵੰਤ ਸਿੰਘ ਨੂੰ ਅਹੁਦੇ ਤੇ ਮੈਂਬਰੀ ਤੋਂ ਹਟਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਸਰਕਾਰ ਦੇ ਇਸ ਦੋ ਵੱਖ-ਵੱਖ ਬਿਆਨਾਂ ਨਾਲ ਚਰਚਾ ਛਿੜਨਾ ਸੁਭਾਵਿਕ ਸੀ। 
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਵਿਚ ਕੋਈ ਗਲਤੀ ਨਹੀਂ, ਸਗੋਂ ਪਹਿਲਾਂ ਉਨ੍ਹਾਂ ਨੂੰ ਜੋ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਵਲੋਂ ਜਾਣਕਾਰੀ ਦਿੱਤੀ ਗਈ ਸੀ, ਉਸ ਦੇ ਆਧਾਰ 'ਤੇ ਪ੍ਰੈੱਸ ਲਈ ਬਿਆਨ ਜਾਰੀ ਕੀਤਾ ਗਿਆ। ਬਿਆਨ ਜਾਰੀ ਕਰਨ ਤੋਂ ਪਹਿਲਾਂ ਅਧਿਕਾਰੀਆਂ ਨੂੰ ਵਿਖਾਇਆ ਵੀ ਗਿਆ ਸੀ। ਲੋਕ ਸੰਪਰਕ ਵਿਭਾਗ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਬਾਅਦ ਵਿਚ ਸਥਾਨਕ ਸਰਕਾਰਾਂ ਵਿਭਾਗ  ਦੇ ਅਧਿਕਾਰੀਆਂ ਨੇ ਜੋ ਨਵੀਂ ਜਾਣਕਾਰੀ ਦਿੱਤੀ, ਉਸ ਦੇ ਆਧਾਰ 'ਤੇ ਸੋਧ ਕੇ ਬਿਆਨ ਜਾਰੀ ਕੀਤਾ ਗਿਆ। ਇਸ ਤਰ੍ਹਾਂ ਸਥਾਨਕ ਸਰਕਾਰਾਂ ਵਿਭਾਗ ਅਧਿਕਾਰੀਆਂ ਦੇ ਯੂ-ਟਰਨ ਨਾਲ ਇਕ ਗੱਲ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਬਿਨਾਂ ਸੋਚੇ-ਸਮਝੇ ਜਲਦਬਾਜ਼ੀ ਵਿਚ ਅਧਿਕਾਰੀਆਂ ਨੇ ਮੀਡੀਆ ਲਈ ਪ੍ਰੈੱਸ ਬਿਆਨ ਜਾਰੀ ਕਰਵਾ ਦਿੱਤਾ। 
ਚੈਨਲਾਂ ਅਤੇ ਸੋਸ਼ਲ ਮੀਡੀਆ ਗਰੁੱਪਾਂ ਵਿਚ ਇਸ ਦੇ ਚੱਲਣ ਤੋਂ ਬਾਅਦ ਕਿਸੇ ਨੇ ਵਿਭਾਗ ਦੇ ਮੰਤਰੀ ਅਤੇ ਅਧਿਕਾਰੀਆਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਸਿੱਧੀ ਮੁਅੱਤਲੀ ਕਾਨੂੰਨੀ ਤੌਰ 'ਤੇ ਠੀਕ ਨਹੀਂ ਅਤੇ ਕੁੱਝ ਦਿਨਾਂ ਦਾ ਨੋਟਿਸ ਦੇ ਕੇ ਪਹਿਲਾਂ ਲੱਗੇ ਦੋਸ਼ਾਂ ਬਾਰੇ ਮੇਅਰ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ ਹੈ। ਚਰਚਾ ਇਹੀ ਹੈ ਕਿ ਇਹ ਗੱਲ ਮੰਤਰੀ ਅਤੇ ਅਧਿਕਾਰੀਆਂ ਦੀ ਸਮਝ ਵਿਚ ਆ ਗਈ ਕਿ ਉਨ੍ਹਾਂ ਦੁਆਰਾ ਜਾਰੀ ਹੁਕਮਾਂ ਨੂੰ ਕਾਨੂੰਨੀ ਤੌਰ 'ਤੇ ਚੈਲੰਜ ਕੀਤਾ ਜਾ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਗੱਲ ਕਹਿ ਦਿੱਤੀ।