ਨਗਰ ਪੰਚਾਇਤ ਵੱਲੋਂ ਮਾਰਕੀਟ ਲਈ ਵੇਚੀ ਜਗ੍ਹਾ ਦਾ ਮਾਮਲਾ ਪੁੱਜਾ ਸਿੱਧੂ ਦਰਬਾਰ

11/08/2017 3:11:50 AM

ਭੀਖੀ(ਤਾਇਲ)-ਸਥਾਨਕ ਨਗਰ ਪੰਚਾਇਤ ਵੱਲੋਂ 2015 'ਚ ਪੰਚਾਇਤ ਦਫਤਰ ਦੇ ਸਾਹਮਣੇ ਪਸ਼ੂ ਹਸਪਤਾਲ ਵਾਲੀ ਜ਼ਮੀਨ ਇਕ ਨਿੱਜੀ ਫਰਮ ਨੂੰ ਵੇਚਣ ਦਾ ਮਾਮਲਾ ਹੁਣ ਹੋਰ ਤੂਲ ਫੜਦਾ ਜਾ ਰਿਹਾ ਹੈ, ਜਿਸ ਦੀ ਸ਼ਿਕਾਇਤ ਸਾਬਕਾ ਐੱਮ. ਸੀ. ਹਰੀ ਸਿੰਘ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੀਤੀ ਹੈ, ਜਿਸ 'ਤੇ ਮੁੱਢਲੀ ਕਾਰਵਾਈ ਆਰੰਭ ਹੋ ਚੁੱਕੀ ਹੈ। 
ਸ਼ਿਕਾਇਤਕਰਤਾ ਨੇ ਮੰਤਰੀ ਨੂੰ ਭੇਜੀ ਸ਼ਿਕਾਇਤ ਵਿਚ ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਅਤੇ ਪ੍ਰਧਾਨ 'ਤੇ ਨਿੱਜੀ ਫਾਇਦਿਆਂ ਲਈ ਵੇਚੀ ਜ਼ਮੀਨ ਵਿਚ ਕਰੋੜਾਂ ਦੇ ਘਪਲੇ ਦਾ ਦੋਸ਼ ਲਾ ਕੇ ਇਨਸਾਫ ਦੀ ਮੰਗ ਕੀਤੀ ਹੈ। ਮੰਤਰੀ ਨੂੰ ਭੇਜੀ ਸ਼ਿਕਾਇਤ 'ਚ ਸਾਬਕਾ ਐੱਮ. ਸੀ. ਨੇ ਤਤਕਾਲ ਕਾਰਜਸਾਧਕ ਅਫਸਰ ਬਰੇਸ਼ ਕੁਮਾਰ, ਤਤਕਾਲ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਸਮੇਤ ਨਗਰ ਪੰਚਾਇਤ ਦੇ ਅਮਲੇ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਵੇਚੀ ਗਈ ਪਸ਼ੂ ਹਸਪਤਾਲ ਵਾਲੀ ਜਗ੍ਹਾ ਦੀ ਬਾਜ਼ਾਰੀ ਕੀਮਤ ਚਾਰ ਕਰੋੜ ਤੋਂ ਉੱਪਰ ਬਣਦੀ ਸੀ ਪਰ ਉਕਤ ਕਰਮਚਾਰੀਆਂ ਤੇ ਪ੍ਰਧਾਨ ਦੀ ਮਿਲੀਭੁਗਤ ਨਾਲ ਇਸ ਜ਼ਮੀਨ ਦੀ ਈ-ਟੈਂਡਰਿੰਗ ਕਰ ਕੇ ਸਿਕਫ 1 ਕਰੋੜ 80 ਲੱਖ ਰੁਪਏ ਵਿਚ ਵੇਚ ਦਿੱਤੀ ਹੈ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਿਊਂਸੀਪਲ ਨਿਯਮਾਂ ਤਹਿਤ ਕੋਈ ਵੀ ਪੰਚਾਇਤੀ ਜਗ੍ਹਾ ਬੈਨ ਨਹੀਂ ਕੀਤੀ ਜਾ ਸਕਦੀ ਪਰ ਨਗਰ ਪੰਚਾਇਤ ਦੇ ਅਧਿਕਾਰੀਆਂ ਤੇ ਪ੍ਰਧਾਨ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਨਿੱਜੀ ਮੁਫਾਦ ਲਈ ਕਸਬੇ ਦੀ ਬਹੁ-ਕੀਮਤੀ ਜ਼ਮੀਨ ਨਿੱਜੀ ਫਰਮ ਨੂੰ ਵੇਚ ਦਿੱਤੀ। ਸ਼ਿਕਾਇਤਕਰਤਾ ਨੇ ਜਾਣਕਾਰੀ ਦਿੱਤੀ ਕਿ ਇਹ ਸ਼ਿਕਾਇਤ ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਮੁੱਖ ਵਿਜੀਲੈਂਸ ਅਫਸਰ ਨੂੰ ਵੀ ਕੀਤੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਸੀ. ਬੀ. ਓ. ਨੇ ਵਿਕਾਸ ਕਾਰਜਾਂ ਅਤੇ ਇਸ ਵੇਚੀ ਜ਼ਮੀਨ ਦੀ ਜਾਂਚ ਕੀਤੀ ਸੀ, ਜਿਸ ਦੀ ਜਾਂਚ ਦਾ ਦੋ ਸਾਲ ਬੀਤ ਜਾਣ 'ਤੇ ਵੀ ਕੋਈ ਸਿੱਟਾ ਨਹੀਂ ਨਿਕਲਿਆ। ਓਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਓ. ਨੇ ਇਸ ਜ਼ਮੀਨ ਦੀ ਜਾਂਚ ਕਰ ਕੇ ਆਪਣੀ ਰਿਪੋਰਟ ਸਥਾਨਕ ਸਰਕਾਰਾਂ ਨੂੰ ਦਿੱਤੀ ਹੈ। ਸੀ. ਬੀ. ਓ. ਨੇ ਜਾਂਚ ਵਿਚ ਤਤਕਾਲ ਕਾਰਜਸਾਧਕ ਅਫਸਰ, ਨਗਰ ਪੰਚਾਇਤ ਦੇ ਪ੍ਰਧਾਨ, ਵਰਕਸ ਕਲਰਕ ਅਤੇ ਇਕ ਟਾਊਨ ਪਲੈਨਿੰਗ ਬਠਿੰਡਾ ਦੇ ਕਰਮਚਾਰੀ ਨੂੰ ਮੰਦਭਾਵਨਾ ਅਤੇ ਉਕਤ ਵੇਚੀਆਂ ਦੁਕਾਨਾਂ ਦੇ ਡਿਜ਼ਾਈਨ, ਗਿਣਤੀ ਅਤੇ ਵੇਚਣ ਦੀ ਪ੍ਰਕਿਰਿਆ ਦੇ ਦੋਸ਼ ਵਿਚ ਚਾਰਜਸ਼ੀਟ ਵੀ ਕੀਤਾ ਹੈ। ਇਸ ਤੋਂ ਇਲਾਵਾ ਸ਼ਿਕਾਇਤ ਕਰਨ ਵਾਲੇ 6 ਐੱਮ. ਸੀਜ਼ ਵੱਲੋਂ ਪਹਿਲਾਂ ਸ਼ਿਕਾਇਤ ਕਰਨਾ ਅਤੇ ਬਾਅਦ ਵਿਚ ਵਿਭਾਗ ਨੂੰ ਸਹਿਯੋਗ ਨਾ ਦੇਣ ਦੇ ਕਾਰਨ ਇਨ੍ਹਾਂ ਦੀ ਨੀਅਤ 'ਤੇ ਸ਼ੱਕ ਕਰਦਿਆਂ ਇਨ੍ਹਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪ੍ਰਧਾਨ ਸਮੇਤ ਕਥਿਤ ਦੋਸ਼ੀਆਂ ਦੀਆਂ ਵਿਭਾਗ ਨੇ ਕਈ ਸੁਣਵਾਈਆਂ ਵੀ ਕਰ ਲਈਆਂ ਹਨ। ਸ਼ਿਕਾਇਤਕਰਤਾ ਐੱਮ. ਸੀ. ਤੋਂ ਇਲਾਵਾ ਕਈ ਹੋਰ ਸ਼ਹਿਰੀਆਂ ਨੇ ਵੀ ਵਿਭਾਗ ਤੋਂ ਇਨਸਾਫ ਲਈ ਪਹੁੰਚ ਕੀਤੀ ਹੈ। ਹੁਣ ਦੇਖਣਾ ਇਹ ਹੈ ਕਿ ਵਿਭਾਗ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਕੁ ਖਰਾ ਉਤਰਦਾ ਹੈ। ਇਸ ਸੰਬੰਧੀ ਜਦੋਂ ਨਗਰ ਪੰਚਾਇਤ ਭੀਖੀ ਦੇ ਤਤਕਾਲੀਨ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਵਿਚ ਉਨ੍ਹਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਹੈ ਤੇ ਇਸ ਦਾ ਫੈਸਲਾ ਆਉਣਾ ਬਾਕੀ ਹੈ।