ਪੰਜਾਬ ਸਰਕਾਰ ਦਾ ਵੱਡਾ ਫੈਸਲਾ ਫਗਵਾੜਾ ਸ਼ਹਿਰ ਦੀਆਂ ਮੁੱਖ ਸੜਕਾਂ ਕਮਰਸ਼ੀਅਲ ਐਲਾਨੀਆਂ

11/03/2017 6:29:43 AM

ਜਲੰਧਰ(ਖੁਰਾਣਾ)- ਪੰਜਾਬ ਸਰਕਾਰ ਨੇ ਅੱਜ ਇਕ ਵੱਡਾ ਫੈਸਲਾ ਲੈਂਦਿਆਂ ਹਾਈਵੇ  ਕਿਨਾਰੇ ਸਥਿਤ ਫਗਵਾੜਾ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਕਮਰਸ਼ੀਅਲ ਐਲਾਨ ਦਿੱਤਾ ਹੈ। ਇਸ ਫੈਸਲੇ ਮਗਰੋਂ ਫਗਵਾੜਾ ਸ਼ਹਿਰ ਦੇ ਵਿਕਾਸ ਵਿਚ ਨਵਾਂ ਅਧਿਆਏ ਜੁੜਨ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਗਵਾੜਾ ਸਥਿਤ ਹਰਗੋਬਿੰਦ ਨਗਰ ਤੋਂ ਬੰਗਾ ਰੋਡ, ਨਕੋਦਰ ਰੋਡ 'ਤੇ ਸਥਿਤ ਦੋ ਸਕੀਮਾਂ( 5 ( ਪਾਰਟ-1 ਤੇ ਪਾਰਟ-2) , ਪਲਾਹੀ ਰੋਡ ਸਥਿਤ ਸਕੀਮ 8 ਤੇ ਸਕੀਮ 3-ਕੇ ਵਿਰਕ ਹਸਪਤਾਲ ਵਾਲੀ ਰੋਡ ਨੂੰ ਕਮਰਸ਼ੀਅਲ ਐਲਾਨ ਦਿੱਤਾ ਹੈ। ਇਸ ਬਾਰੇ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫਗਵਾੜਾ ਨਗਰ ਨਿਗਮ ਦੇ ਕੌਂਸਲਰ ਹਾਊਸ ਨੇ 2016 ਵਿਚ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਕਮਰਸ਼ੀਅਲ ਡਿਕਲੇਅਰ ਕਰਨ ਬਾਰੇ ਪ੍ਰਸਤਾਵ ਪਾਸ ਕਰ ਕੇ ਪੰਜਾਬ ਸਰਕਾਰ ਨੂੰ ਭੇਜਿਆ ਸੀ। ਜਿਸਨੂੰ ਹੁਣ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਇਸ ਫੈਸਲੇ ਨੂੰ ਮਨਜ਼ੂਰ ਕਰਵਾਉਣ ਵਿਚ ਵਿਧਾਇਕ ਸੋਮ ਪ੍ਰਕਾਸ਼ ਤੇ ਫਗਵਾੜਾ ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਨੇ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ। ਸ਼੍ਰੀ ਸੋਮ ਪ੍ਰਕਾਸ਼ ਨੇ ਇਸ ਪ੍ਰਸਤਾਵ ਨੂੰ ਪਾਸ ਕਰਵਾਉਣ ਲਈ ਪਿਛਲੇ ਦਿਨੀਂ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਸਤੀਸ਼ ਚੰਦਰਾ ਨਾਲ ਭੇਟ ਕੀਤੀ ਸੀ। ਜਿਸ ਤੋਂ ਬਾਅਦ ਪ੍ਰਸਤਾਵ ਨੂੰ ਲੋਕਲ ਬਾਡੀ ਮੰਤਰੀ ਕੋਲ ਵੀ ਭੇਜਿਆ ਗਿਆ। ਸ਼੍ਰੀ ਸੋਮ ਪ੍ਰਕਾਸ਼ ਨੇ ਮੰਤਰੀ ਨਵਜੋਤ ਸਿੱਧੂ ਨਾਲ ਵੀ ਇਸ ਮਾਮਲੇ ਬਾਰੇ ਗੱਲ ਕੀਤੀ। ਆਖਰ ਪੰਜਾਬ ਸਰਕਾਰ ਨੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ। 
ਧੜਾਧੜ ਬਣ ਰਹੀਆਂ ਸਨ ਕਮਰਸ਼ੀਅਲ ਬਿਲਡਿੰਗਾਂ ਹੁਣ ਸਰਕਾਰੀ ਖਜ਼ਾਨੇ 'ਚ ਜਮ੍ਹਾ ਹੋਵੇਗਾ ਪੈਸਾ
ਵਿਧਾਇਕ ਸੋਮ ਪ੍ਰਕਾਸ਼ ਨੇ ਦੱਸਿਆ ਕਿ ਫਗਵਾੜਾ ਪਿਛਲੇ ਕਈ ਸਾਲਾਂ ਤੋਂ ਕਮਰਸ਼ੀਅਲ ਹੱਬ ਦੇ ਰੂਪ ਵਿਚ ਵਿਕਸਿਤ ਹੋ ਰਿਹਾ ਹੈ ਪਰ ਮੁੱਖ ਸੜਕਾਂ 'ਤੇ ਕਮਰਸ਼ੀਅਲ ਨਕਸ਼ੇ ਪਾਸ ਨਹੀਂ ਹੋ ਰਹੇ ਸਨ। ਲੋਕ ਘਰੇਲੂ ਨਕਸ਼ੇ ਪਾਸ ਕਰਵਾ ਕੇ ਧੜਾਧੜ ਕਮਰਸ਼ੀਅਲ ਬਿਲਡਿੰਗਾਂ ਬਣਾ ਰਹੇ ਸਨ, ਜਿਸ ਕਾਰਨ ਸਰਕਾਰੀ ਕਰਮਚਾਰੀਆਂ ਦਾ ਭ੍ਰਿਸ਼ਟਾਚਾਰ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਹੁਣ ਲੋਕ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਕਮਰਸ਼ੀਅਲ ਨਕਸ਼ੇ ਪਾਸ ਕਰਵਾ ਸਕਣਗੇ, ਜਿਸ ਕਾਰਨ ਗੈਰ-ਕਾਨੂੰਨੀ ਕੰਮਾਂ ਵਿਚ ਕਮੀ ਆਵੇਗੀ ਤੇ ਸਰਕਾਰੀ ਮਾਲੀਏ ਵਿਚ ਵੀ ਵਾਧਾ ਹੋਵੇਗਾ।
ਨਿਗਮ ਨੂੰ ਹੋਵੇਗੀ ਕਰੋੜਾਂ ਦੀ ਆਮਦਨ
ਪੰਜਾਬ ਸਰਕਾਰ ਵਲੋਂ ਫਗਵਾੜਾ ਦੀਆਂ ਮੁੱਖ ਸੜਕਾਂ ਨੂੰ ਕਮਰਸ਼ੀਅਲ ਡਿਕਲੇਅਰ ਕਰ ਦੇਣ ਦੇ ਫੈਸਲੇ ਤੋਂ ਬਾਅਦ ਫਗਵਾੜਾ ਨਗਰ ਨਿਗਮ ਨੂੰ ਕਰੋੜਾਂ ਰੁਪਏ ਦੀ ਵਾਧੂ ਆਮਦਨ ਹੋਣ ਦੀ ਸੰਭਾਵਨਾ ਹੈ। ਹੁਣ ਇਨ੍ਹਾਂ ਸੜਕਾਂ ਦੇ ਕੰਢੇ ਪਲਾਟ ਹੋਲਡਰ ਧੜਾਧੜ ਆਪਣੇ ਪਲਾਟਾਂ ਦਾ ਚੇਂਜ ਆਫ ਲੈਂਡ ਯੂਜ਼ ਕਰਵਾਉਣਗੇ ਤੇ ਕਮਰਸ਼ੀਅਲ ਨਕਸ਼ੇ ਦੀ ਫੀਸ ਭਰਨਗੇ। ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਇਸ ਫੈਸਲੇ ਤੋਂ ਬਾਅਦ ਪਹਿਲਾਂ ਤੋਂ ਬਣ ਚੁੱਕੀਆਂ ਕਈ ਬਿਲਡਿੰਗਾਂ ਨੂੰ ਕੰਪਾਊਂਡ ਕਰਨ ਨਾਲ ਨਿਗਮ ਨੂੰ ਕਾਫੀ ਆਮਦਨ ਹੋਣ ਦੀ ਸੰਭਾਵਨਾ ਹੈ।
ਸ਼ਹਿਰ ਦੇ ਵਿਕਾਸ ਲਈ 11 ਕਰੋੜ ਰੁਪਏ ਮਨਜ਼ੂਰ
ਵਿਧਾਇਕ ਸੋਮ ਪ੍ਰਕਾਸ਼ ਨੇ ਚੰਡੀਗੜ੍ਹ ਤੋਂ ਫੋਨ ਕਰ ਦੱਸਿਆ ਕਿ ਫਗਵਾੜਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਨੇ 11 ਕਰੋੜ ਰੁਪਏ ਦੀ ਰਕਮ ਮਨਜ਼ੂਰ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਜੋ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਸਨ, ਕਾਂਗਰਸ ਸਰਕਾਰ ਨੇ ਰੋਕ ਦਿੱਤੇ ਪਰ ਹੁਣ ਸਰਕਾਰ ਨੇ 11 ਕਰੋੜ ਰਿਲੀਜ਼ ਕਰ ਦਿੱਤੇ ਹਨ, ਜਿਸ ਨਾਲ ਸ਼ਹਿਰ ਵਿਚ ਵਿਕਾਸ ਦੇ ਕੰਮ ਸ਼ੁਰੂ ਹੋ ਸਕਣਗੇ। ਵਿਧਾਇਕ ਸੋਮ ਪ੍ਰਕਾਸ਼ ਤੇ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਸੀਵਰੇਜ ਕਾਰਜਾਂ ਲਈ ਜੋ 30 ਕਰੋੜ ਰੁਪਏ ਰੋਕ ਲਏ ਗਏ ਸਨ, ਉਹ ਵੀ ਫਗਵਾੜਾ ਨਿਗਮ ਨੂੰ ਵਾਪਸ ਮਿਲ ਰਹੇ ਹਨ।