''ਸਰਬੱਤ ਦਾ ਭਲਾ'' ਦਾ ਟੀਚਾ ਲੈ ਕੇ ਚੱਲਣਾ ਹੀ ਸਾਡਾ ਧਰਮ : ਨਵਜੋਤ ਸਿੱਧੂ

10/29/2017 4:45:20 AM

ਜਲੰਧਰ(ਵਿਨੀਤ)—ਸਾਊਥ ਈਸਟ ਏਸ਼ੀਆ ਅਕੈਡਮੀ ਆਫ ਸਲੀਪ ਡਿਸਆਰਡਰ ਵਲੋਂ ਐਸੋਸੀਏਸ਼ਨ ਆਫ ਚੈਸਟ ਫਿਜ਼ੀਸ਼ੀਅਨ ਵਲੋਂ ਕਰਵਾਈ ਜਾ ਰਹੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਸਮਾਰੋਹ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ (ਸਥਾਨਕ ਲੋਕਲ ਬਾਡੀਜ਼ ਮੰਤਰੀ ਪੰਜਾਬ ਸਰਕਾਰ) ਨੇ ਕੀਤੀ। ਉਨ੍ਹਾਂ ਸੰਸਥਾ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜ਼ਿਆਦਾ ਲੋਕ ਨੀਂਦ ਨਾ ਆਉਣ ਨੂੰ ਬੀਮਾਰੀ ਹੀ ਨਹੀਂ ਸਮਝਦੇ, ਇਸ ਤੱਥ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਸੁੱਤਿਆਂ ਪਿਆਂ ਹੀ ਹੋ ਗਈ ਸੀ। ਉਸ ਵੇਲੇ ਸਭ ਲੋਕ ਕਹਿੰਦੇ ਸਨ ਕਿ ਇਹ ਸੰਤ ਮਹਾਪੁਰਖਾਂ ਜਿਹੀ ਮੌਤ ਹੈ ਪਰ ਮੈਨੂੰ ਅੱਜ ਪਤਾ ਲੱਗਾ ਕਿ ਉਹ ਅਸਲ ਵਿਚ ਨੀਂਦ ਦੀ ਬੀਮਾਰੀ ਨਾਲ ਪੀੜਤ ਸਨ। ਮੈਂ ਵੀ ਕੰਮ ਦੇ ਰੁਝੇਵਿਆਂ ਕਾਰਨ 2-3 ਘੰਟੇ ਹੀ ਸੌਂਦਾ ਹਾਂ ਪਰ ਇਹ ਵੀ ਇਕ ਬੀਮਾਰੀ ਹੈ। ਇਹ ਜਾਣ ਕੇ ਮੈਨੂੰ ਹੈਰਾਨੀ ਹੋਈ ਪਰ ਇਹ ਸੱਚ ਵੀ ਹੈ।
ਉਨ੍ਹਾਂ ਕਿਹਾ ਕਿ ਇਸ ਬੀਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੰਸਥਾ ਦਾ ਪ੍ਰਸ਼ੰਸਾਯੋਗ ਕਦਮ ਹੈ। ਮਨੁੱਖ ਦੀ ਪਛਾਣ ਉਸਦੇ ਕਰਮਾਂ ਤੋਂ ਹੁੰਦੀ ਹੈ। ਮਨੁੱਖ ਦੇ ਕਰਮ ਹੀ ਉਸਦੇ ਭਾਗ ਬਣਾਉਂਦੇ ਹਨ ਤੇ ਸਰਬੱਤ ਦਾ ਭਲਾ ਦੇ ਟੀਚੇ ਨੂੰ ਲੈ ਕੇ ਚੱਲਣਾ ਹੀ ਸੱਚਾ ਧਰਮ ਹੈ। ਸਿੱਧੂ ਨੇ ਕਿਹਾ,'ਜਿਸ ਤਰ੍ਹਾਂ ਅੱਗਾਂ ਦੇ ਢੇਰਾਂ ਨੂੰ ਕੋਈ ਖਾ ਨਹੀਂ ਸਕਦਾ, ਧਰਤੀ ਨੂੰ ਉਚਾ ਉਠਾ ਨਹੀਂ ਸਕਦਾ, ਸਾਗਰਾਂ ਨੂੰ ਜਿਵੇਂ ਕੋਈ ਸੁਕਾ ਨਹੀਂ ਸਕਦਾ, ਪਰਬਤ ਹਿਮਾਲਿਆ ਨੂੰ ਕੋਈ ਹਿਲਾ ਨਹੀਂ ਸਕਦਾ, ਉਸੇ ਤਰ੍ਹਾਂ ਰਹਿੰਦੀ ਕਾਇਨਾਤ ਤੱਕ ਬਾਬਾ ਨਾਨਕ ਦੇ ਧਰਮ ਦੀ ਤਾਕਤ ਕੋਈ ਦਬਾ ਨਹੀਂ ਸਕਦਾ।'' ਸ਼੍ਰੀ ਸਿੱਧੂ ਨੇ ਕਿਹਾ ਕਿ ਆਪਣੇ ਲਈ ਤਾਂ ਸਾਰੇ ਸੋਚਦੇ ਹਨ ਤੇ ਕਰਮ ਕਰਦੇ ਹਨ ਪਰ ਮਹਾਨ ਉਹ ਹੈ ਜੋ ਦੂਜਿਆਂ ਦਾ ਭਲਾ ਸੋਚਦੇ ਹੋਏ ਕਰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਇਸ ਤਰ੍ਹਾਂ ਕਰਮ ਕਰਨ ਕਿ ਮਹਾਰਾਜਾ ਰਣਜੀਤ ਸਿੰਘ ਤੇ ਬਾਬਾ ਨਾਨਕ ਜੀ ਦੀ ਸੋਚ ਨੂੰ ਬੁਲੰਦ ਕਰਦਾ ਪੰਜਾਬ ਉਨ੍ਹਾਂ ਨੂੰ ਦੁਬਾਰਾ ਦਿਸੇ। ਪੰਜਾਬ ਦੀ ਗੁਆਚੀ ਖੁਸ਼ਹਾਲੀ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਅਨੇਕਾਂ ਯੋਜਨਾਵਾਂ ਬਣਾ ਰਹੀ ਹੈ। ਸਿੱਧੂ ਨੇ ਐਸੋਸੀਏਸ਼ਨ ਨੂੰ ਇਸ ਨੇਕ ਕੰਮ ਲਈ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਾਨਫਰੰਸ ਵਿਚ ਹਿੱਸਾ ਲੈਣ ਵਾਲੇ ਡਾਕਟਰਾਂ ਨੂੰ ਵੀ ਸਨਮਾਨਿਤ ਕੀਤਾ। ਕਾਨਫਰੰਸ ਦੇ ਆਰਗੇਨਾਈਜ਼ਿੰਗ ਚੇਅਰਮੈਨ ਡਾ. ਐੱਚ. ਜੇ. ਸਿੰਘ ਨੇ ਮੁੱਖ ਮਹਿਮਾਨ ਨਵਜੋਤ ਸਿੱਧੂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਐਸੋਸੀਏਸ਼ਨ ਦੀਆਂ ਵੱਖ-ਵੱਖ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ''ਮੈਂ ਸਿੱਧੂ ਦੀ ਸ਼ਖਸੀਅਤ ਤੋਂ ਬੇਹੱਦ ਪ੍ਰਭਾਵਿਤ ਹਾਂ ਜਿਨ੍ਹਾਂ ਨੇ 20 ਸਾਲਾਂ ਤੱਕ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ ਬਣ ਕੇ ਦੇਸ਼ ਦੀ ਸੇਵਾ ਕੀਤੀ। ਇਸ ਤੋਂ ਬਾਅਦ ਇੰਡੀਅਨ ਟੈਲੀਵਿਜ਼ਨ 'ਤੇ ਆਪਣੀ ਦਮਦਾਰ ਸ਼ਾਇਰੀ ਨਾਲ ਸਾਰਿਆਂ ਦੇ ਦਿਲਾਂ ਵਿਚ ਥਾਂ ਬਣਾਈ ਤੇ ਅੱਜ ਪੰਜਾਬ ਸਰਕਾਰ ਵਿਚ ਬਤੌਰ ਮੰਤਰੀ ਸੂਬੇ ਨੂੰ ਨਵੇਂ ਮੁਕਾਮ 'ਤੇ ਲਿਆਉਣ ਲਈ ਯਤਨਸ਼ੀਲ ਹਨ। 
ਇਸ ਮੌਕੇ ਡਾ. ਹਿਮਾਂਸ਼ੂ ਗਰਗ (ਚੇਅਰਮੈਨ ਸਾਇੰਟੀਫਿਕ ਕਮੇਟੀ), ਡਾ. ਕਪਿਲ ਗੁਪਤਾ (ਪੰਜਾਬ ਮੈਡੀਕਲ ਕੌਂਸਲ), ਡਾ. ਯਸ਼ ਸ਼ਰਮਾ (ਸੈਂਟਰਲ ਹਸਪਤਾਲ), ਡਾ. ਪ੍ਰਤਿਭਾ ਡੋਗਰਾ, ਬੀ. ਪੀ. ਸਿੰਘ, ਡਾ. ਪੀ. ਐੱਸ. ਮੈਣੀ, ਡਾ. ਸੰਜੇ ਮਨਚੰਦਾ, ਡਾ. ਮਯੰਕ ਸਕਸੈਨਾ, ਡਾ. ਸੁਸ਼ਮਾ ਚਾਵਲਾ, ਡਾ. ਗੋਪਾਲ, ਡਾ. ਰਜਨੀਸ਼ ਸ਼ਰਮਾ, ਡਾ. ਅਲਕੇਸ਼ ਖੁਰਾਣਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ।
'ਪਿਤਾ ਕੋਲੋਂ ਸੁਣੀ ਕਹਾਣੀ ਤੋਂ ਸਿੱਖਿਆ'
ਸਿੱਧੂ ਨੇ ਬਚਪਨ ਵਿਚ ਆਪਣੇ ਪਿਤਾ ਤੋਂ ਸੁਣੀ ਕਹਾਣੀ ਬਿਆਨ ਕਰਦਿਆਂ ਕਿਹਾ ਕਿ ਇਕ ਵਾਰ ਜੰਗਲ ਵਿਚ ਭਿਆਨਕ ਅੱਗ ਲੱਗ ਗਈ। ਇਹ ਵੇਖ ਇਕ ਚਿੜੀ ਆਪਣੀ ਚੁੰਝ ਵਿਚ ਪਾਣੀ ਭਰ ਕੇ ਵਾਰ-ਵਾਰ ਪਾਈ ਜਾ ਰਹੀ ਸੀ। ਇਕ ਕਾਂ ਨੇ ਉਸ ਤੋਂ ਪੁੱਛਿਆ ਕਿ ਚਿੜੀ ਤੂੰ ਤਾਂ ਬਹੁਤ ਸਮਝਦਾਰ ਹੈ ਤੇ ਇਹ ਕਿਹੋ ਜਿਹਾ ਬੇਵਕੂਫੀ ਵਾਲਾ ਕੰਮ ਕਰ ਰਹੀ ਹੈ ਤਾਂ ਚਿੜੀ ਨੇ ਹੱਸ ਕੇ ਜਵਾਬ ਦਿੱਤਾ ਕਿ ਮੈਨੂੰ ਪਤਾ ਹੈ ਕਿ ਮੇਰੇ ਵਲੋਂ ਲਿਆਂਦੀ ਇਕ ਬੂੰਦ ਪਾਣੀ ਨਾਲ ਜੰਗਲ ਦੀ ਅੱਗ ਨਹੀਂ ਬੁਝ ਸਕਦੀ ਪਰ ਮੈਨੂੰ ਇੰਨਾ ਵਿਸ਼ਵਾਸ ਜ਼ਰੂਰ ਹੈ ਕਿ ਜਦੋਂ ਵੀ ਜੰਗਲ ਦੀ ਅੱਗ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਵਿਚ ਹੋਵੇਗਾ, ਨਾ ਕਿ ਅੱਗ ਲਾਉਣ ਵਾਲਿਆਂ ਵਿਚ।' ਭਾਵ ਕਰਮ ਸਭ ਦੇ ਯਾਦ ਰਹਿੰਦੇ ਹਨ, ਇਸ ਲਈ ਸਭ ਨੂੰ ਹਮੇਸ਼ਾ ਸਮਾਜ ਦੀ ਸੇਵਾ ਲਈ ਤੱਤਪਰ ਰਹਿਣਾ ਚਾਹੀਦਾ ਹੈ।
'ਦੂਜਿਆਂ ਦੇ ਦਰਦ ਨੂੰ ਵੀ ਆਪਣਾ ਸਮਝੋ'
ਸਿੱਧੂ ਨੇ ਅਬੋਹਰ ਦੀ ਘਟਨਾ ਸਾਰਿਆਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੜਕ 'ਤੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਵੇਖਿਆ, ਜਿਸ ਦਾ ਸਿਰ ਪੂਰੀ ਤਰ੍ਹਾਂ ਖੁੱਲ੍ਹਿਆ ਹੋਇਆ ਸੀ ਤੇ ਖੂਨ ਵੀ ਕਾਫੀ ਵਹਿ ਚੁੱਕਾ ਸੀ। ਉਸ ਸਮੇਂ ਕਰੀਬ 50-60 ਲੋਕ ਉਸਦੇ ਕੋਲ ਘੇਰਾ ਪਾ ਕੇ ਖੜ੍ਹੇ ਸਨ ਪਰ ਕੋਈ ਵੀ ਉਸਦੀ ਮਦਦ ਨਹੀਂ ਕਰ ਰਿਹਾ ਸੀ। ਉਸ ਵੇਲੇ ਮੈਂ ਉਸ ਜ਼ਖ਼ਮੀ ਨੂੰ ਆਪਣੀ ਗੱਡੀ ਵਿਚ ਹਸਪਤਾਲ ਪਹੁੰਚਾਇਆ ਤੇ ਡਾਕਟਰਾਂ ਨੇ ਟਾਂਕੇ ਲਾ ਕੇ ਉਸਦਾ ਇਲਾਜ ਕੀਤਾ ਤੇ ਉਹ ਬਚ ਗਿਆ। ਜੇਕਰ ਸਾਰੇ ਲੋਕ ਮਨੁੱਖਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਸਮਾਜ ਦੀ ਸੇਵਾ ਹੋ ਸਕਦੀ ਹੈ। ਸਿੱਧੂ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਰੇ ਦੂਜਿਆਂ ਦੇ ਦਰਦ ਨੂੰ ਆਪਣਾ ਸਮਝਣ।