ਆਨੈਸਟੀ ਐਵਾਰਡ ਨਾਲ ਸਿੱਧੂ ਹੋਏ ਸਨਮਾਨਤ, ਸੂਫੀ ਗਾਇਕ ਈਦੂ ਸ਼ਰੀਫ ਲਈ ਕੀਤਾ 2 ਲੱਖ ਰੁਪਏ ਦਾ ਐਲਾਨ (ਵੀਡੀਓ)

09/24/2017 3:05:26 PM

ਫਰੀਦਕੋਟ (ਹਾਲੀ)—19 ਸਤੰਬਰ ਤੋਂ ਸ਼ੁਰੂ ਹੋਇਆ ਪੰਜ ਰੋਜ਼ਾ ਬਾਬਾ ਫਰੀਦ ਅਗਮਨ ਪੁਰਬ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਉਪਰੰਤ ਸੂਫੀਆਨਾ ਰੰਗ ਬਿਖੇਰਦਾ ਅਤੇ ਸ਼ਰਧਾਲੂਆਂ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗਦਾ ਸੰਪੰਨ ਹੋ ਗਿਆ। ਇਹ ਨਗਰ ਕੀਰਤਨ ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋਇਆ ਅਤੇ ਪੰਜ ਘੰਟਿਆਂ ਵਿੱਚ ਗੁਰਦੁਆਰਾ ਗੋਦੜੀ ਸਾਹਿਬ ਪਹੁੰਚਿਆ, ਜਿਸ 'ਚ ਪੰਜਾਬ ਭਰ ਤੋਂ ਧਾਰਮਿਕ, ਸਮਾਜਿਕ ਅਤੇ ਖੇਡ ਸੰਸਥਾਵਾਂ ਸਮੇਤ ਲੱਖਾਂ ਸੰਗਤਾਂ ਨੇ ਹਿੱਸਾ ਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਕੱਢੇ ਗਏ ਇਸ ਨਗਰ ਕੀਰਤਨ ਵਿੱਚ ਐੱਨ. ਸੀ. ਸੀ. ਅਤੇ ਵੱਖ-ਵੱਖ ਸਕੂਲਾਂ ਦੀਆਂ ਬੈਂਡ ਟੀਮਾਂ ਨੇ ਹਿੱਸਾ ਲਿਆ। ਨਗਰ ਕੀਰਤਨ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਤ ਕੀਤੀਆਂ ਜਾਣ ਵਾਲੀਆਂ ਸ਼ਖਸੀਅਤਾਂ ਸਜਾਈ ਹੋਈ ਖੁੱਲ੍ਹੀ ਗੱਡੀ ਵਿੱਚ ਬੈਠ ਕੇ ਸ਼ਾਮਲ ਹੋਈਆਂ। ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਗਮ ਦੌਰਾਨ ਮੁੱਖ ਮਹਿਮਾਨ ਬੀਬੀ ਇੰਦਰਜੀਤ ਕੌਰ ਮੁੱਖ ਸੇਵਾਦਾਰ ਭਗਤ ਪੂਰਨ ਸਿੰਘ ਪਿੰਗਲਵਾੜ, ਅੰਮ੍ਰਿਤਸਰ, ਮਹੰਤ ਕਾਹਨ ਸਿੰਘ ਜੀ ਸੇਵਾ ਪੰਥੀ ਸੰਪਰਦਾਏ ਅਤੇ ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅੰਤਰਾਸ਼ਟਰੀ ਕ੍ਰਿਕਟ ਖਿਡਾਰੀ ਅਤੇ ਮੌਜੂਦਾ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਆਨੈਸਟੀ ਐਵਾਰਡ ਅਤੇ ਪਰਮਜੀਤ ਸਿੰਘ ਨਾਭਾ ਨੂੰ ਭਗਤ ਪੂਰਨ ਸਿੰਘ ਐਵਾਰਡ ਆਫ ਹਿਊਮੈਨਿਟੀ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਦੋਹਾਂ ਸ਼ਖਸੀਅਤਾਂ ਨੂੰ ਇਕ-ਇਕ ਲੱਖ ਰੁਪਏ ਦੀ ਰਾਸ਼ੀ, ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। 
ਬਾਬਾ ਫਰੀਦ ਸੁਸਾਇਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇਮਾਨਦਾਰੀ ਨਾਲ ਕੰਮ ਕਾਜ ਕਰਨ ਲਈ ਇਹ ਇਨਾਮ ਦਿੱਤਾ ਗਿਆ ਹੈ, ਜਦਕਿ ਪਰਮਜੀਤ ਸਿੰਘ ਨਾਭਾ ਜੋ ਇਕ ਸਕੂਟਰ ਮਕੈਨਿਕ ਹੈ, ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਇਨਾਮ ਨਾਲ ਨਿਵਾਜਿਆ ਗਿਆ ਹੈ। ਪਰਮਜੀਤ ਸਿੰਘ ਪਿਛਲੇ 20 ਸਾਲ ਤੋਂ ਐਕਸੀਡੈਂਟ ਹੋਣ 'ਤੇ ਲੋਕਾਂ ਨੂੰ ਹਸਪਤਾਲ ਵਿੱਚ ਪਹੁੰਚਾਉਣ ਦੀ ਸੇਵਾ ਕਰ ਰਿਹਾ ਹੈ। 
ਇਸ ਮੌਕੇ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਮਾਨਦਾਰੀ ਅੱਜ ਬਾਬਾ ਫਰੀਦ ਦੀ ਧਰਤੀ ਤੋਂ ਮਿਲਿਆ ਇਨਾਮ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਪਲੱਬਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱੱਧੂ ਨੇ ਸਨਮਾਨ ਵਿੱਚ ਮਿਲੀ ਇਕ ਲੱਖ ਰੁਪਏ ਦੀ ਰਾਸ਼ੀ ਵਿੱਚ 1 ਲੱੱਖ ਹੋਰ ਆਪਣੇ ਪੱਲੇ ਤੋਂ ਪਾ ਕੇ 2 ਲੱਖ ਰੁਪਏ ਸੂਫੀ ਗਾਇਕ ਈਦੂ ਸ਼ਰੀਫ ਨੂੰ ਦੇਣ ਦਾ ਐਲਾਨ ਕੀਤਾ। 
ਜ਼ਿਕਰਯੋਗ ਹੈ ਕਿ ਸੂਫੀ ਗਾਇਕ ਈਦੂ ਸ਼ਰੀਫ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਅਤੇ ਆਰਥਿਕ ਤੰਗੀ ਕਾਰਨ ਉਸ ਦੇ ਇਲਾਜ ਵਿੱਚ ਪਰਿਵਾਰ ਨੂੰ ਕਾਫੀ ਔਕੜਾਂ ਆ ਰਹੀਆਂ ਹਨ। ਇਸ ਸਾਲ ਬਾਬਾ ਫਰੀਦ ਸੁਸਾਇਟੀ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਸਵੱਛਤਾ ਅਭਿਆਨ ਲਈ ਇਨਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਇਨਾਮ ਅੰਮ੍ਰਿਤਸਰ ਦੇ ਰਹਿਣ ਵਾਲੇ ਵਕੀਲ ਲਾਲਵਾਨੀ ਨੂੰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਟਿੱਲਾ ਬਾਬਾ ਫਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ 4 ਕਿਲੋਮੀਟਰ ਦਾ ਰਸਤਾ ਸੰਗਤਾਂ ਅਤੇ ਸ਼ਰਧਾਲੂਆਂ ਦੇ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਲੋਕ ਫੁੱਲਾਂ ਨਾਲ ਸਜਾਈ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨਾਲ ਗੁਰੂ ਜਸ ਗਾਉਂਦੇ ਚੱਲ ਰਹੇ ਸਨ। ਅੱਗੇ ਅੱਗੇ ਸ਼ਰਧਾਲੂ ਸੜਕ ਨੂੰ ਸਾਫ ਕਰਦੇ ਹੋਏ ਅਤੇ ਲੋਕਾਂ 'ਤੇ ਇੱਤਰ ਛਿੜਕਦੇ ਹੋਏ ਜਾ ਰਹੇ ਸਨ। ਰਸਤੇ ਵਿਚ ਲੋਕਾਂ ਨੇ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ। ਗੁਰਦੁਆਰਾ ਗੋਦੜੀ ਸਾਹਿਬ ਵਿਖ ਬਣਾਏ ਗਏ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਸੰਗਤਾਂ ਸੁਭਾ 4 ਵਜੇ ਤੋਂ ਹੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਜੋਕਿ ਨਗਰ ਕੀਰਤਨ ਦੇ ਸਵਾਗਤ ਲਈ ਗੁਰਦੁਆਰਾ ਸਾਹਿਬ ਵਿੱਚ ਹੀ ਮੌਜੂਦ ਰਹੀਆਂ। 
ਇਸ ਮੌਕੇ ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਡਾ. ਅਮਰ ਸਿੰਘ ਓ. ਐਸ. ਡੀ. ਸਥਾਨਕ ਸਰਕਾਰਾਂ ਮੰਤਰੀ, ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ, ਐਸ. ਐਸ. ਪੀ. ਡਾ. ਨਾਨਕ ਸਿੰਘ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ, ਮੁਹੰਮਦ ਸਦੀਕ ਸਾਬਕਾ ਵਿਧਾਇਕ, ਪਵਨ ਗੋਇਲ ਜੈਤੋ, ਸੁਰਿੰਦਰ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮੀਕਾ ਉੱਘੇ ਲੇਖਕ ਨਿੰਦਰ ਘੁੰਗਿਆਣਵੀ ਨੇ ਨਿਭਾਈ।
ਪੰਜ ਦਿਨ ਚੱਲੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੇਲੇ ਦਾ ਆਰੰਭ 19 ਸਤੰਬਰ ਨੂੰ ਟਿੱਲਾ ਬਾਬਾ ਸ਼ੇਖ ਫਰੀਦ ਤੋਂ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਅਤੇ ਅਰਦਾਸ ਮਗਰੋਂ ਹੋਇਆ ਸੀ। ਇਨ੍ਹਾਂ ਪੰਜ ਦਿਨਾਂ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਬਾਬਾ ਫਰੀਦ ਸੇਵਾ ਸੁਸਾਇਟੀ, ਵਿਦਿਅਕ ਅਦਾਰਿਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਨਾਟਕ ਮੇਲੇ, ਖੇਡ ਮੁਕਾਬਲੇ, ਪੇਂਡੂ ਖੇਡ ਮੇਲਾ, ਲੋਕ ਨਾਚ ਮੁਕਾਬਲੇ, ਸੱੱਭਿਆਚਾਰਕ ਪ੍ਰੋਗਰਾਮ, ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ, ਪੁਸਤਕ ਮੇਲਾ ਅਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਤੋਂ ਇਲਾਵਾ ਕਾਫ਼ਲਾ-ਏ-ਵਿਰਾਸਤ ਸ਼ਹਿਰ ਦੇ ਵੱਖ-ਵੱਖ ਹਿੱੱਸਿਆਂ ਵਿਚੋਂ ਦੀ ਕੱਢੀ ਗਈ ਅਤੇ ਪੁਰਾਤਨ ਵਸਤਾਂ ਦੀ ਵਿਰਾਸਤੀ ਪ੍ਰਦਰਸ਼ਨੀ ਲਗਾਈ ਗਈ। ਇਨ੍ਹਾਂ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਬਾਬਾ ਫਰੀਦ ਜੀ ਦੀ ਜੀਵਨ ਸ਼ੈਲੀ ਅਤੇ ਫਲਸਫੇ ਬਾਰੇ ਰਾਸ਼ਟਰੀ ਸੈਮੀਨਾਰ ਅਤੇ ਸੂਫੀ ਗਾਇਕ ਕੰਵਰ ਗਰੇਵਾਲ ਦਾ ਸ਼ਾਮ-ਏ-ਸੂਫੀਆਨਾ ਪ੍ਰੋਗਰਾਮ ਕਰਵਾਇਆ ਗਿਆ।