ਸਿੱਧੂ ''ਤੇ ਪਲਟਵਾਰ ਲਈ ਮਜੀਠੀਏ ਨੇ ਸਿੱਖੀ ਸ਼ਾਇਰੀ!

09/08/2017 5:23:24 AM

ਲੁਧਿਆਣਾ(ਮੁੱਲਾਂਪੁਰੀ)- ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਦੇ ਚੋਟੀ ਦੇ ਨੇਤਾ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬੋਲੇ ਗਏ ਬੋਲਾਂ ਤੇ ਬਿਆਨਬਾਜ਼ੀ 'ਚ ਕੀਤੀ ਜਾ ਰਹੀ ਸ਼ਾਇਰੋ-ਸ਼ਾਇਰੀ ਦਾ ਮੁੜਵਾਂ ਜਵਾਬ ਦੇਣ ਲਈ ਸ਼ਾਇਰੀ ਸਿੱਖ ਲਈ ਹੈ। ਲੰਘੇ ਕੱਲ੍ਹ ਛਪਾਰ ਦੇ ਮੇਲੇ 'ਚ ਜਿੱਥੇ ਨਵਜੋਤ ਸਿੰਘ ਸਿੱਧੂ ਮਜੀਠੀਏ 'ਤੇ ਖੂਬ ਵਰ੍ਹੇ ਤੇ ਸ਼ਾਇਰੋ-ਸ਼ਾਇਰੀ ਕੀਤੀ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਜੀਠੀਆ ਨੇ ਵੀ ਛਪਾਰ ਮੇਲੇ 'ਤੇ ਸਿੱਧੂ 'ਤੇ ਖੂਬ ਟੀਕਾ-ਟਿੱਪਣੀ ਕੀਤੀ ਤੇ ਸ਼ੇਅਰ ਬੋਲ ਕੇ ਕਈ ਤਰ੍ਹਾਂ ਦੀ ਨਸੀਹਤ ਦਿੱਤੀ। ਇਥੇ ਹੀ ਬੱਸ ਨਹੀਂ ਅੱਜ ਸਾਰੀ ਦਿਹਾੜੀ ਸੋਸ਼ਲ ਮੀਡੀਆ 'ਤੇ ਸਿੱਧੂ ਦੀਆਂ ਤਿੱਖੀਆਂ ਟਿਪਣੀਆਂ ਤੇ ਸ਼ਾਇਰੋ-ਸ਼ਾਇਰੀ 'ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਬੋਲੇ ਗਏ ਬੋਲ ਤੇਜ਼ੀ ਨਾਲ ਘੁੰਮ ਰਹੇ ਸਨ। ਇਹ ਦੋਵੇਂ ਨੌਜਵਾਨ ਆਗੂਆਂ ਦੀ ਲੱਗਦਾ ਆਉਣ ਵਾਲੇ ਸਮੇਂ 'ਚ ਸਿਆਸੀ ਖਹਿਬਾਜ਼ੀ ਹੋਰ ਵਧੇਗੀ ਕਿਉਂਕਿ ਦੋਵੇਂ ਜਣੇ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਨ੍ਹਾਂ ਦੋਵਾਂ ਆਗੂਆਂ ਦੇ ਭਾਸ਼ਣਾਂ 'ਤੇ ਸਿਆਸੀ ਮਾਹਿਰਾਂ ਨੇ ਕਿਹਾ ਕਿ ਸਿੱਧੂ ਤੇ ਮਜੀਠੀਆ ਦੀ ਸ਼ਾਇਰੋ-ਸ਼ਾਇਰੀ 'ਤੇ ਤਲਖੀ ਵਾਲੇ ਬੋਲਾਂ ਨਾਲ ਦੋਵਾਂ ਪਾਰਟੀਆਂ ਦੇ ਵਰਕਰਾਂ 'ਚ ਜਿੱਥੇ ਜੋਸ਼ ਭਰੇਗਾ, ਉਥੇ ਸਿਆਸੀ ਕੁੜੱਤਣ ਵੀ ਹੋਰ ਵਧੇਗੀ।