''ਨਵਜੋਤ ਸਿੱਧੂ'' ਲਈ ਸੌਖਾ ਨਹੀਂ ਦਿੱਲੀ ''ਚ ਨਵੀਂ ਪਾਰੀ ਖੇਡਣਾ!

08/02/2019 2:11:29 PM

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਲਈ ਦਿੱਲੀ 'ਚ ਨਵੀਂ ਪਾਰੀ ਖੇਡਣਾ ਸੌਖਾ ਨਹੀਂ ਹੋਵੇਗਾ। ਇਸ ਨੂੰ ਲੈ ਕੇ ਪਾਰਟੀ 'ਚ 2 ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਪਹਿਲੀ ਤਾਂ ਸਿੱਧੂ ਸੰਗਠਨ ਦੇ ਨੇਤਾ ਨਹੀਂ ਹਨ। ਅਜਿਹੇ 'ਚ ਜੇਕਰ ਕਾਂਗਰਸ ਉਨ੍ਹਾਂ ਨੂੰ ਸੰਗਠਨ ਦੀ ਕਮਾਨ ਦਿੰਦੀ ਹੈ ਤਾਂ ਇਸ ਦੇ ਨੁਕਸਾਨ ਹੋ ਸਕਦੇ ਹਨ। ਦੂਜਾ ਕਿ ਸਿੱਧੂ ਪੰਜਾਬ ਛੱਡ ਕੇ ਦਿੱਲੀ ਜਾਣਗੇ ਜਾਂ ਨਹੀਂ? ਸਿੱਧੂ ਨੇ ਭਾਜਪਾ ਸਿਰਫ ਇਸੇ ਲਈ ਛੱਡੀ ਸੀ ਕਿਉਂਕਿ ਉਹ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ, ਜਦੋਂ ਕਿ ਭਾਜਪਾ ਉਨ੍ਹਾਂ ਨੂੰ ਹਰਿਆਣਾ 'ਚ ਚੋਣਾਂ ਲੜਾਉਣਾ ਚਾਹੁੰਦੀ ਸੀ। ਅਜਿਹੇ 'ਚ ਜੇਕਰ ਸਿੱਧੂ ਪੰਜਾਬ ਛੱਡ ਦਿੰਦੇ ਹਨ ਤਾਂ ਉਨ੍ਹਾਂ ਦੇ ਅਕਸ 'ਤੇ ਵੀ ਇਸ ਦਾ ਅਸਰ ਪੈ ਸਕਦਾ ਹੈ।
ਪੰਜਾਬ ਕਾਂਗਰਸ ਇਸ ਗੱਲ ਤੋਂ ਬਿਲਕੁਲ ਅਣਜਾਣ ਹੈ ਕਿ ਦਿੱਲੀ ਦੇ ਪ੍ਰਧਾਨ ਨੂੰ ਲੈ ਕੇ ਪਾਰਟੀ ਦੀ ਕੀ ਯੋਜਨਾ ਹੈ। ਚਰਚਾ ਇਹ ਹੈ ਕਿ ਸਿੱਧੂ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਹਾਲਾਂਕਿ ਦਿੱਲੀ ਦੀ ਪਿੱਚ 'ਤੇ ਬੱਲੇਬਾਜ਼ੀ ਕਰਨਾ ਸਿੱਧੂ ਲਈ ਬਹੁਤ ਔਖਾ ਕੰਮ ਹੋਵੇਗਾ। ਪਾਰਟੀ ਜੇਕਰ ਨਵਜੋਤ ਸਿੱਧੂ ਨੂੰ ਦਿੱਲੀ ਦੀ ਕਮਾਨ ਸੌਂਪਦੀ ਹੈ ਤਾਂ ਦੇਸ਼ 'ਚ ਇਹ ਪਹਿਲਾ ਮਾਮਲਾ ਹੋਵੇਗਾ ਕਿ ਇਕ ਸੂਬੇ 'ਚ ਵਿਧਾਇਕ ਹੁੰਦੇ ਹੋਏ ਕੋਈ ਨੇਤਾ ਦੂਜੇ ਸੂਬੇ ਦਾ ਪ੍ਰਧਾਨ ਬਣਿਆ ਹੋਵੇ। ਹਾਲਾਂਕਿ ਪੰਜਾਬ 'ਚ ਕਾਂਗਰਸ ਦਾ ਇਕ ਧੜਾ ਹਮੇਸ਼ਾ ਸਿੱਧੂ 'ਚ ਭਵਿੱਖ ਦੀ ਪ੍ਰਧਾਨਗੀ ਲੱਭਦਾ ਰਿਹਾ ਹੈ ਪਰ ਸਿੱਧੂ ਕੋਲ ਸੰਗਠਨ 'ਚ ਕੰਮ ਕਰਨ ਦਾ ਤਜ਼ੁਰਬਾ ਨਹੀਂ ਹੈ।
 

Babita

This news is Content Editor Babita