ਨਵਜੋਤ ਸਿੱਧੂ ਦੇ ਕੰਮ ''ਅੱਧੇ-ਅਧੂਰੇ'', ਅਜੇ ਤੱਕ ਨਾ ਹੋਏ ਪੂਰੇ

06/14/2019 12:04:59 PM

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣਾ ਵਿਭਾਗ ਬਦਲੇ ਜਾਣ 'ਤੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ, ਹਾਲਾਂਕਿ ਅਜੇ ਤੱਕ ਉਨ੍ਹਾਂ ਨੇ ਆਪਣਾ ਨਵਾਂ ਅਹੁਦਾ ਨਹੀਂ ਸੰਭਾਲਿਆ ਹੈ। ਲੋਕ ਸਭਾ ਚੋਣਾਂ ਦੌਰਾਨ ਕੈਪਟਨ ਸਰਕਾਰ ਨੇ ਸਿੱਧੂ ਨੂੰ ਹੀ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ 'ਤੇ ਸਿੱਧੂ ਨੇ ਆਪਣੇ ਕੀਤੇ ਕੰਮਾਂ ਦੀ ਰਿਪੋਰਟ ਆਂਕੜਿਆਂ ਨਾਲ ਪੇਸ਼ ਕਰਨ ਦੀ ਗੱਲ ਕਹੀ ਸੀ ਪਰ ਅਜੇ ਤੱਕ ਇਹ ਰਿਪੋਰਟ ਸਾਹਮਣੇ ਨਹੀਂ ਆ ਸਕੀ ਹੈ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਜੇਕਰ ਸਿੱਧੂ ਵਲੋਂ ਕੀਤੇ ਕੰਮਾਂ ਦਾ ਜਾਇਜ਼ਾ ਲਿਆ ਜਾਵੇ ਤਾਂ ਹਰ ਪਾਸੇ ਸਿੱਧੂ ਦੇ ਅੱਧੇ-ਅਧੂਰੇ ਕੰਮ ਹੀ ਹੋਏ ਦਿਖਾਈ ਦੇ ਰਹੇ ਹਨ।
ਲੁਧਿਆਣਾ 
ਨਵਜੋਤ ਸਿੱਧੂ ਵਲੋਂ 6 ਸਤੰਬਰ, 2017 'ਚ 3600 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਸੀ, ਜਿਨ੍ਹਾਂ 'ਚ ਨਹਿਰੀ ਪਾਣੀ ਨੂੰ ਪੀਣ ਯੋਗ ਬਣਾਉਣਾ, ਪੱਖੋਵਾਲ ਰੋਡ 'ਤੇ ਆਰ. ਓ. ਬੀ. ਤੇ ਆਰ. ਯੂ. ਬੀ. ਤਿਆਰ ਕਰਨਾ, ਬੁੱਢੇ ਨਾਲੇ ਦੇ ਦੋਹੀਂ ਪਾਸੇ ਸੜਕ ਨਿਰਮਾਣ, ਫੋਕਲ ਪੁਆਇੰਟ ਦਾ ਵਿਕਾਸ, ਸੀ. ਈ. ਟੀ. ਪੀ. ਦਾ ਪ੍ਰਾਜੈਕਟ, ਜਗਰਾਓਂ ਪੁਲ 'ਤੇ ਗੌਰਮਿੰਟ ਕਾਲਜ ਦਾ ਨਿਰਮਾਣ ਕਰਨਾ ਸ਼ਾਮਲ ਸਨ ਪਰ ਅਜੇ ਤੱਕ ਸਿਰਫ ਸੀ. ਈ. ਟੀ. ਪੀ., ਜਗਰਾਓਂ ਪੁਲ 'ਤੇ ਗੌਰਮਿੰਟ ਕਾਲਜ ਦਾ ਨਿਰਮਾਣ ਹੀ ਸ਼ੁਰੂ ਹੋ ਸਕਿਆ ਹੈ।
ਅੰਮ੍ਰਿਤਸਰ 
ਨਵਜੋਤ ਸਿੱਧੂ ਨੇ 6 ਮਾਰਚ, 2019 ਨੂੰ ਰੇਲਵੇ ਓਵਰਬ੍ਰਿਜ ਤੇ ਅੰਡਰਬ੍ਰਿਜ ਦਾ ਕੰਮ ਸ਼ੁਰੂ ਕਰਵਾਇਆ ਸੀ, ਰੇਲਵੇ ਫਾਟਕ ਨੰਬਰ-22 ਅਤੇ ਵੱਲਾ ਫਾਟਕ 'ਤੇ ਬਣਨ ਵਾਲੇ ਆਰ. ਓ. ਬੀ. ਦਾ ਕੰਮ, ਭੰਡਾਰੀ ਪੁਲ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰਾਇਆ ਸੀ, ਜਿਨ੍ਹਾਂ 'ਚੋਂ ਅਜੇ ਤੱਕ ਕੋਈ ਵੀ ਪੂਰਾ ਨਹੀਂ ਹੋਇਆ।
ਤਰਨਤਾਰਨ
ਪਿਛਲੇ 2 ਸਾਲਾਂ 'ਚ ਤਰਨਤਾਰਨ ਜ਼ਿਲੇ ਦੇ ਵਿਕਾਸ ਲਈ ਸਥਾਨਕ ਸਰਕਾਰਾ ਬਾਰੇ ਮੰਤਰੀ ਨੇ ਕੋਈ ਰਕਮ ਜਾਰੀ ਨਹੀਂ ਕੀਤੀ ਅਤੇ ਨਾ ਹੀ ਕੋਈ ਐਲਾਨ ਕੀਤਾ।
ਪਟਿਆਲਾ
2017 ਤੋਂ 2 ਕਰੋੜ ਨਾਲ ਪਟਿਆਲਾ ਦੇ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਸੀ। 2018 'ਚ ਸਿੱਧੂ ਨੇ ਪਟਿਆਲਾ ਨੂੰ ਦੁਨੀਆ ਦੇ ਸੈਰ-ਸਪਾਟਾ ਮੈਪ 'ਚ ਲਿਆਉਣ ਦਾ ਐਲਾਨ ਕੀਤਾ, ਜਿਨ੍ਹਾਂ 'ਚੋਂ ਸੀਵਰੇਜ ਦੀ ਸਫਾਈ ਦਾ ਕੰਮ ਪੂਰਾ ਹੋ ਚੁੱਕਾ ਹੈ। 
ਗੁਰਦਾਸਪੁਰ ਤੇ ਰੂਪਨਗਰ
ਦੀਨਾਨਗਰ 'ਚ ਸਿੱਧੂ ਨੇ ਸੀਵਰੇਜ ਟਰੀਟਮੈਂਪ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ, ਉੱਥੇ ਹੀ ਰੂਪਨਗਰ 'ਚ ਪਿਕਾਂਸ਼ੀਆ ਟੂਰਿਸਟ ਕੰਪਲੈਕਸ ਦੀ ਸਾਈਟ ਬਾਰੇ ਟੂਰਿਜ਼ਮ ਵਿਭਾਗ ਨੂੰ ਨਿਰਦੇਸ਼ ਦਿੱਤੇ ਸਨ ਪਰ ਅਜੇ ਤੱਕ ਕੁਝ ਨਹੀਂ ਕੀਤਾ ਗਿਆ।
ਹੁਸ਼ਿਆਰਪੁਰ
ਫਰਵਰੀ, 2017 'ਚ ਸਿੱਧੂ ਨੇ ਵਿਕਾਸ ਕੰਮਾਂ ਲਈ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਨਿਗਮ ਨੂੰ ਇਕ ਰੁਪਿਆ ਨਹੀਂ ਮਿਲਿਆ ਹੈ ਅਤੇ ਨਾ ਹੀ ਵਿਕਾਸ ਕਾਰਜ ਸ਼ੁਰੂ ਹੋ ਸਕੇ ਹਨ।
ਕਪੂਰਥਲਾ
ਸੁਲਤਾਨਪੁਰ ਲੋਧੀ 'ਚ ਕਰੀਬ ਇਕ ਕਰੋੜ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲ ਦਾ ਪ੍ਰਾਜੈਕਟ ਮਨਜ਼ੂਰ ਹੋਇਆ ਹੈ। ਸਾਢੇ 3 ਕਰੋੜ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਪ੍ਰਾਜੈਕਟ ਹੈ। ਹੁਣ ਦੀ ਸਥਿਤੀ ਇਹ ਹੈ ਕਿ ਇੰਟਰਲਾਕਿੰਗ ਟਾਈਲ ਦੇ 2 ਪ੍ਰਾਜੈਕਟ ਚੱਲ ਰਹੇ ਹਨ ਪਰ ਸੀਵਰੇਜ ਟਰੀਟਮੈਂਟ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। 
ਜਲੰਧਰ
ਜਲੰਧਰ 'ਚ ਸਿੱਧੂ ਨੇ ਕੋਈ ਉਦਘਾਟਨ ਨਹੀਂ ਕੀਤਾ। ਸੜਕਾਂ, ਸੀਵਰੇਜ, ਪਾਣੀ, ਪਾਰਕਾਂ ਦੇ ਜਿੰਨੇ ਵੀ ਕੰਮ ਸ਼ੁਰੂ ਹੋਏ ਸਨ, ਉਸ ਲਈ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਗ੍ਰਾਂਟ ਜਾਰੀ ਕੀਤੀ ਸੀ। ਸਿੱਧੂ ਨੇ ਜਲੰਧਰ 'ਚ ਬਿਲਡਿੰਗ ਵਿਭਾਗ ਅਤੇ ਬੀ. ਆਂਡ ਆਰ. ਵਿਭਾਗ ਦੇ ਅਫਸਰਾਂ 'ਤੇ ਕਾਰਵਾਈ ਕੀਤੀ। ਗੈਰ ਕਾਨੂੰਨੀ ਇਮਾਰਤਾਂ 'ਤੇ ਕਾਰਵਾਈ ਨੂੰ ਲੈ ਕੇ ਸਿੱਧੂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।

Babita

This news is Content Editor Babita