ਸਿੱਧੂ ਦੇ ਅਗਲੇ ਕਦਮ ''ਤੇ ਲੱਗੀਆਂ ਸਭ ਦੀਆਂ ਨਜ਼ਰਾਂ

07/17/2019 9:31:30 AM

ਲੁਧਿਆਣਾ (ਹਿਤੇਸ਼)—ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ 'ਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਜਿਸ ਵਿਚ ਸਭ ਦੀਆਂ ਨਜ਼ਰਾਂ ਸਿੱਧੂ ਦੇ ਅਗਲੇ ਕਦਮ 'ਤੇ ਲੱਗੀਆਂ ਹੋਈਆਂ ਹਨ।ਇਥੇ ਦੱਸਣਾ ਉਚਿਤ ਹੋਵੇਗਾ ਕਿ ਸਿੱਧੂ ਨੇ ਵਿਧਾਇਕ ਜਾਂ ਕਾਂਗਰਸ ਪਾਰਟੀ ਦੀ ਬਜਾਏ ਸਿਰਫ ਕੈਬਨਿਟ ਮੰਤਰੀ ਵਜੋਂ ਅਸਤੀਫਾ ਦਿੱਤਾ ਹੈ। ਅਜਿਹੇ ਵਿਚ ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਕਾਂਗਰਸ ਦੇ ਕੇਂਦਰੀ ਸੰਗਠਨ 'ਚ ਅਹੁਦਾ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਨੇ ਸਿੱਧੂ ਨੂੰ ਕਾਂਗਰਸ ਛੱਡਣ 'ਤੇ ਤੀਜੇ ਮੋਰਚੇ ਦੇ ਚੀਫ ਮਨਿਸਟਰ ਦੇ ਉਮੀਦਵਾਰ ਵਜੋਂ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਸਿੱਧੂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਹੁਣ ਦੇਖਦਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵਲੋਂ ਸਿੱਧੂ ਦੇ ਅਸਤੀਫੇ 'ਤੇ ਕੀ ਫੈਸਲਾ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਜੇਕਰ ਸਿੱਧੂ ਦੀ ਕੇਂਦਰੀ ਕਮੇਟੀ ਵਿਚ ਸਨਮਾਨਜਨਕ ਅਡਜਸਟਮੈਂਟ ਨਾ ਹੋਈ ਤਾਂ ਉਹ ਪਾਰਟੀ ਛੱਡਣ 'ਤੇ ਵਿਚਾਰ ਕਰ ਸਕਦੇ ਹਨ, ਜਿਸ ਸੂਰਤ ਵਿਚ ਅਕਾਲੀ ਦਲ ਅਤੇ ਭਾਜਪਾ ਦਾ ਰਸਤਾ ਸਿੱਧੂ ਪਹਿਲਾਂ ਹੀ ਆਪਣੀ ਤਿੱਖੀ ਬਿਆਨਬਾਜ਼ੀ ਕਾਰਣ ਬੰਦ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਜਾਂ ਤੀਜੇ ਮੋਰਚੇ ਦੇ ਨਾਲ ਜਾਣ ਦਾ ਬਦਲ ਹੀ ਬਚੇਗਾ।

ਹਾਈਕਮਾਨ ਸਾਹਮਣੇ ਸਿੱਧੂ ਦਾ ਰਿਪੋਰਟ ਕਾਰਡ ਪੇਸ਼ ਕਰ ਚੁੱਕੇ ਹਨ ਨਵੇਂ ਮੰਤਰੀ

ਦੱਸਿਆ ਜਾਂਦਾ ਹੈ ਕਿ ਸਿੱਧੂ ਵਲੋਂ ਕਾਂਗਰਸ ਪ੍ਰਧਾਨ ਦੇ ਨਾਂ 'ਤੇ ਲਿਖੇ ਅਸਤੀਫੇ ਦੀ ਜੋ ਕਾਪੀ ਹੁਣ ਜਗ ਜ਼ਾਹਿਰ ਕੀਤੀ ਹੈ। ਉਸ ਨੂੰ ਉਨ੍ਹਾਂ ਨੇ ਇਹ ਕਹਿ ਕੇ 10 ਜੂਨ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਸੌਂਪ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਲੋਕਲ ਬਾਡੀਜ਼ ਵਿਭਾਗ ਵਾਪਸ ਨਾ ਦਿੱਤਾ ਗਿਆ ਤਾਂ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ। ਇਸ ਵਿਵਾਦ ਨੂੰ ਸੁਲਝਾਉਣ ਲਈ ਅਹਿਮਦ ਪਟੇਲ ਦੀ ਡਿਊਟੀ ਲਾਈ ਗਈ ਪਰ ਕੈਪਟਨ ਨੇ ਆਪਣੇ ਸਟੈਂਡ ਤੋਂ ਪਿੱਛੇ ਹਟਣ ਤੋਂ ਸਾਫ ਇਨਕਾਰ ਕਰ ਦਿੱਤਾ। ਇਥੋਂ ਤੱਕ ਕਿ ਸਿੱਧੂ ਤੋਂ ਵਾਪਸ ਲਏ ਗਏ ਵਿਭਾਗਾਂ ਵਿਚ ਨਵੇਂ ਲਾਏ ਗਏ ਮੰਤਰੀ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਨੇ ਵੀ ਦਿੱਲੀ ਜਾ ਕੇ ਹਾਈਕਮਾਨ ਦੇ ਸਾਹਮਣੇ ਸਿੱਧੂ ਦੇ ਕਾਰਜਕਾਲ ਦੀਆਂ ਖਾਮੀਆਂ ਨੂੰ ਰਿਪੋਰਟ ਕਾਰਡ ਵਜੋਂ ਪੇਸ਼ ਕੀਤਾ। ਇਸੇ ਦੌਰਾਨ ਰਾਹੁਲ ਗਾਂਧੀ ਵਲੋਂ ਪ੍ਰਧਾਨਗੀ ਅਹੁਦਾ ਛੱਡਣ ਤੋਂ ਬਾਅਦ ਆਪਣੀ ਸੁਣਵਾਈ ਨਾ ਹੋਣ 'ਤੇ ਸਿੱਧੂ ਨੇ ਮੁੱਖ ਮੰਤਰੀ ਨੂੰ ਅਸਤੀਫਾ ਭੇਜਣ ਦਾ ਫੈਸਲਾ ਕੀਤਾ।

ਬਿਜਲੀ ਵਿਭਾਗ ਨੂੰ ਹੁਣ ਤੱਕ ਮਿਲ ਚੁੱਕੇ ਨੇ ਤਿੰਨ ਮੰਤਰੀ
ਕੈਪਟਨ ਵਲੋਂ ਸਭ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਸੀ ਪਰ ਉਨ੍ਹਾਂ ਵਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਜ਼ਿੰਮੇਵਾਰੀ ਗੁਰਪ੍ਰੀਤ ਕਾਂਗੜ ਨੂੰ ਦੇ ਦਿੱਤੀ ਗਈ, ਜਿਨ੍ਹਾਂ ਤੋਂ ਵਾਪਸ ਲੈ ਕੇ ਇਹ ਵਿਭਾਗ ਹੁਣ ਸਿੱਧੂ ਨੂੰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਚਾਰਜ ਨਹੀਂ ਸੰਭਾਲਿਆ ਅਤੇ ਪਿਛਲੇ ਡੇਢ ਮਹੀਨੇ ਤੋਂ ਖੁਦ ਕੈਪਟਨ ਹੀ ਸਾਰਾ ਕੰਮ ਦੇਖ ਰਹੇ ਹਨ। ਜੇਕਰ ਉਹ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲੈਂਦੇ ਹਨ ਤਾਂ ਪੰਜਾਬ ਨੂੰ ਚੌਥਾ ਬਿਜਲੀ ਮੰਤਰੀ ਮਿਲ ਸਕਦਾ ਹੈ।

Shyna

This news is Content Editor Shyna