ਨਵਜੋਤ ਸਿੱਧੂ ਨੇ ਕੇਜਰੀਵਾਲ ’ਤੇ ਕੱਸਿਆ ਤੰਜ, ਕਿਹਾ-ਝੂਠ ਬੋਲਣ ’ਚ ਸੁਖਬੀਰ ਬਾਦਲ ਤੋਂ ਅੱਗੇ

04/09/2022 8:57:26 AM

ਅੰਮ੍ਰਿਤਸਰ (ਕਮਲ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧ ਰਹੇ ਹਨ। ਸਿੱਧੂ ਨੇ ਸਥਾਨਕ ਮਾਲ ਮੰਡੀ ਏਰੀਆ ਦਾ ਦੌਰਾ ਕਰ ਕੇ ਉੱਥੇ ਰੇਤ ਦੇ ਰੇਟਾਂ ਨੂੰ ਜਾਣ ਕੇ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਤੋਂ 2,0000 ਕਰੋੜ ਕੱਢਾਂਗੇ ਪਰ ਝੂਠ ਬੋਲਣ ’ਚ ਸੁਖਬੀਰ ਸਿੰਘ ਬਾਦਲ ਤੋਂ ਵੀ ਅੱਗੇ ਨਿਕਲ ਗਏ ਹਨ।

ਸਿੱਧੂ ਨੇ ਕਿਹਾ ਕਿ ਅਜਨਾਲਾ ’ਚ ਸ਼ਰੇਆਮ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਰੇਤ ਦੀ ਟਰਾਲੀ 10,000 ਤੋਂ ਵੀ ਜ਼ਿਆਦਾ ’ਚ ਵਿਕ ਰਹੀ ਹੈ। ਸਿੱਧੂ ਨੇ ਤੰਜ ਕੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਾਅਦੇ ਪੂਰੇ ਨਹੀਂ ਕੀਤੇ ਜਾ ਸਕਦੇ ਸਨ ਤਾਂ ਲੋਕਾਂ ਨੂੰ ਇੰਨੀ ਆਸ ਤੇ ਉਮੀਦ ਨਹੀਂ ਦੇਣੀ ਚਾਹੀਦੀ ਸੀ ਕਿ ਉਹ ਸਿਰਫ ਵੋਟਾਂ ਹਾਸਲ ਕਰਨ ਲਈ ਸੀ। ਪੰਜਾਬ ’ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। 

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਾਪਰ ’ਤੇ ਹਿਮਾਚਲ ਜਾਣ ਦੇ ਮੁੱਦੇ ’ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਚਾਪਰ ਦਿੱਲੀ ਕੇਜਰੀਵਾਲ ਨੂੰ ਲਿਆਉਣ ਲਈ ਨਹੀਂ ਹੈ ਤੇ ਨਾ ਹੀ ਹਿਮਾਚਲ ’ਚ ਚੋਣਾਂ ਲੜਨ ਲਈ ਹੈ। ਇਸ ਲਈ ਜਦ ਤੱਕ ਸਪਲਾਈ ਤੇ ਰੇਟ ਫਿਕਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਕੀਮਤਾਂ ਘੱਟ ਨਹੀਂ ਹੋਣਗੀਆਂ। 

ਸਿੱਧੂ ਆਪਣੇ ਸ਼ਾਇਰਾਨਾ ਅੰਦਾਜ਼ ’ਚ ‘ਆਪ’ ਸਰਕਾਰ ਨੂੰ ਘੇਰਦੇ ਨਜ਼ਰ ਆਏ। ਸਿੱਧੂ ਨੇ ਕਿਹਾ ਕਿ ‘ਕਸਮੇ ਵਾਅਦੇ ਪਿਆਰ ਵਫਾ ਸਭ ਬਾਤੇਂ ਹੈ ਬਾਤੋਂ ਕਾ ਕਿਆ।’ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ’ਚ ਹੈ। ਇਸ ਸਮੇਂ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਡਗਮਗਾ ਚੁੱਕਿਆ ਹੈ। ਰੋਜ਼ਾਨਾ 2-3 ਕਤਲ ਹੋ ਰਹੇ ਹਨ, ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਸਰਕਾਰ ਨੂੰ ਸਭ ਤੋਂ ਪਹਿਲਾਂ ਸੂਬੇ ’ਚ ਅਮਨ ਕਾਇਮ ਕਰਨਾ ਚਾਹੀਦਾ ਹੈ।

rajwinder kaur

This news is Content Editor rajwinder kaur