ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮੱਲ੍ਹੀ ਨੇ ਕੈਪਟਨ ਵਿਰੁੱਧ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ

08/13/2021 6:39:55 PM

ਚੰਡੀਗੜ੍ਹ (ਬਿਊਰੋ) : ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮੱਲ੍ਹੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧਾ ਨਿਸ਼ਾਨਾ ਲਾਇਆ ਹੈ। ਮੱਲ੍ਹੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਏਜੰਡਾ ਲਾਗੂ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਮੱਲ੍ਹੀ ਨੇ ਲਿਖਿਆ ਹੈ ਕਿ ਕੈਪਟਨ ਨੇ ਪੰਜਾਬ ਵਿਚ ਮੋਦੀ ਅਤੇ ਸ਼ਾਹ ਦੀ ਸਿਆਸਤ ਲਾਗੂ ਕਰਨ ਲਈ ਆਪਣਾ ਏਜੰਡਾ ਕੇਂਦਰ ਸਰਕਾਰ ਨੂੰ ਸੌਂਪ ਦਿੱਤਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਖ਼ਿਲਾਫ਼ 20 ਨੂੰ ਜਾਰੀ ਕੀਤਾ ਜਾਵੇਗਾ ਹੁਕਮਨਾਮਾ

ਉਨ੍ਹਾਂ ਕਿਹਾ ਕਿ ਕੈਪਟਨ, ਅਮਿਤ ਸ਼ਾਹ ਅਤੇ ਮੋਦੀ ਦੀ ਤਿੱਕੜੀ ਵਲੋਂ ਪੰਜਾਬ ਵਿਚ ਦੁਬਾਰਾ, ਬੇਭਰੋਸਗੀ, ਫਿਰਕੂ ਤਣਾਅ, ਡਰ ਅਤੇ ਦਹਿਸ਼ਤ ਪੈਦਾ ਕਰਨ ਦੇ ਸੰਕੇਤ ਪੰਜਾਬੀਆਂ ਅਤੇ ਕਿਸਾਨੀ ਸੰਘਰਸ਼ ਲਈ ਖਤਰੇ ਦੀ ਘੰਟੀ ਹਨ। ਕੈਪਟਨ ਨੇ ਅਮਿਤ ਸ਼ਾਹ ਕੋਲ 5 ਕਿਸਾਨ ਨੇਤਾਵਾਂ ਦੀ ਜਾਨ ਅਤੇ ਪੰਜਾਬ ਅੰਦਰ ਹਿੰਦੂ ਮੰਦਰਾਂ ’ਤੇ ਹਮਲਾ ਹੋਣ ਦੀਆਂ ਸੰਭਾਵਨਾਵਾਂ ਨੂੰ ਉਭਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਅਤੇ ਕਿਸਾਨੀ ਸੰਘਰਸ਼ ਵਲੋਂ ਪੁਰਅਮਨ ਅਤੇ ਭਾਈਚਾਰੇ ਦੀ ਬੁਲੰਦੀ ’ਤੇ ਝੰਡੇ ਗੱਡੇ ਹੋਣ ਨੂੰ ਨਕਾਰਾਦੇ ਹੋਏ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਨਸਰਾਂ ਵਲੋਂ ਪੰਜਾਬ ਅੰਦਰ ਹਿੰਸਕ ਕਾਰਵਾਈਆਂ ਹੋਣ ਦਾ ਜਾਇਜ਼ਾ ਪੇਸ਼ ਕਰ ਕੇ ਵੱਡੀ ਗਿਣਤੀ ਵਿਚ ਅਰਧਸੈਨਿਕ ਬਲ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਦਾ ਖਰਚਾ ਵੀ ਪੰਜਾਬ ਸਰਕਾਰ ਨੂੰ ਹੀ ਚੁੱਕਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਐਲਾਨੀ ਨਵੀਂ ਟੀਮ, ਚਾਰ ਸਲਾਹਕਾਰ ਕੀਤੇ ਨਿਯੁਕਤ

ਕੈਪਟਨ ਨੂੰ ਹਟਾਇਆ ਜਾ ਸਕਦਾ ਹੈ
ਇਕ ਗੱਲਬਾਤ ਦੌਰਾਨ ਮੱਲ੍ਹੀ ਨੇ ਇਹ ਵੀ ਕਿਹਾ ਕਿ ਕੈਪਟਨ ਦਾ ਇਹ ਕਾਰਜਕਾਲ ਬੇਹੱਦ ਬੁਰਾ ਰਿਹਾ ਹੈ। ਮੱਲ੍ਹੀ ਨੇ ਕਿਹਾ ਕਿ ਉਹ ਬਾਦਲ ਪਰਿਵਾਰ ਦੇ ਵੀ ਨਾਲ ਰਹੇ ਹਨ ਅਤੇ ਉਨ੍ਹਾਂ ਦੀ ਵੀ ਆਲੋਚਨਾ ਕੀਤੀ ਹੈ। ਹੁਣ ਕੈਪਟਨ ਦੀ ਆਲੋਚਨਾ ਕਰ ਰਹੇ ਹਨ। ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਤਾਇਨਾਤ ਕਰ ਕੇ ਸਾਫ਼ ਸੰਦੇਸ਼ ਦੇ ਦਿੱਤਾ ਹੈ। ਕੈਪਟਨ ਨੂੰ ਸਮੇਂ ਦੀ ਨਜ਼ਾਕਤ ਸਮਝਦੇ ਹੋਏ ਚੰਗੇ ਮਾਹੌਲ ਵਿਚ ਅਲਵਿਦਾ ਕਹਿ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਨੇ ਸਿੱਧੂ ਦੀ ਹਿਮਾਇਤ ਕਰਨ ਵਾਲੇ ਮੰਤਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਨ੍ਹਾਂ ਨੂੰ ਹੀ ਹਟਾਇਆ ਜਾ ਸਕਦਾ ਹੈ। ਕੈਪਟਨ ਤਾਂ ਅੱਜ ਇਹ ਚਾਹੁੰਦੇ ਹਨ ਕਿ ਨਵਜੋਤ ਤੋਂ ਬਿਹਤਰ ਹੈ ਕਿ ਸੁਖਬੀਰ ਸੱਤਾ ਵਿਚ ਆ ਜਾਵੇ।

ਇਹ ਵੀ ਪੜ੍ਹੋ : ਨੂਰਮਹਿਲ ਕਤਲ ਕਾਂਡ ਦਾ ਸੱਚ ਆਇਆ ਸਾਹਮਣੇ, ਇਸ ਲਈ ਪਹਿਲਾਂ ਸੱਸ, ਫਿਰ ਪਤਨੀ ਤੇ ਫਿਰ ਨੌਜਵਾਨ ਨੂੰ ਮਾਰੀ ਗੋਲ਼ੀ

ਨੋਟ - ਸਿੱਧੂ ਦੇ ਸਲਾਹਕਾਰ ਮੱਲ੍ਹੀ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh