ਮੰਤਰੀ ਬਾਜਵਾ ਨੂੰ ਰਾਸ ਨਹੀਂ ਆਈ ਸਿੱਧੂ ਦੀ 'ਅਫੀਮ ਦੀ ਖੇਤੀ'

10/01/2018 6:47:31 PM

ਚੰਡੀਗੜ੍ਹ : ਅਫੀਮ ਦੀ ਖੇਤੀ ਦੇ ਸਮਰਥਨ ਵਿਚ ਨਵਜੋਤ ਸਿੱਧੂ ਵਲੋਂ ਦਿੱਤੇ ਬਿਆਨ ਦਾ ਉਨ੍ਹਾਂ ਦੇ ਹੀ ਸਾਥੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਰੋਧ ਕੀਤਾ ਹੈ। ਬਾਜਵਾ ਨੇ ਕਿਹਾ ਕਿ ਇਹ ਨਵਜੋਤ ਸਿੱਧੂ ਦਾ ਨਿੱਜੀ ਬਿਆਨ ਹੈ ਕਿਉਂਕਿ ਪੰਜਾਬ ਸਰਕਾਰ ਕਦੇ ਵੀ ਇਕ ਨਸ਼ੇ ਨੂੰ ਖਤਮ ਕਰਨ ਲਈ ਦੂਜੇ ਨਸ਼ੇ ਨੂੰ ਪਹਿਲ ਨਹੀਂ ਦੇ ਸਕਦੀ ਹੈ। ਉਨ੍ਹਾਂ ਸਾਫ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿਚ ਨਸ਼ੇ ਦੀ ਖੇਤੀ ਨਹੀਂ ਹੋਣ ਦੇਵੇਗੀ। 

ਦੱਸਣਯੋਗ ਹੈ ਕਿ ਪਟਿਆਲਾ ਤੋਂ ਐੱਮ. ਪੀ. ਡਾ. ਧਰਮਵੀਰ ਗਾਂਧੀ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਸ਼ੇ ਦੀ ਖੇਤੀ ਦੀ ਸ਼ੁਰੂਆਤ ਕੀਤੀ ਗਈ ਸੀ। ਡਾ. ਗਾਂਧੀ ਦੇ ਇਸ ਕਦਮ ਦੀ ਸਰਾਹਨਾ ਕਰਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਬਕਾਇਦਾ ਸਮਰਥਨ ਕੀਤਾ ਗਿਆ ਸੀ। 

ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਨਵਜੋਤ ਸਿੱਧੂ ਵਲੋਂ ਅਫੀਮ ਦੀ ਖੇਤੀ ਦੀ ਵਰਤੋਂ ਸਿਰਫ ਦਵਾਈ ਦੇ ਤੌਰ 'ਤੇ ਕਰਨ ਦੀ ਗੱਲ ਆਖੀ ਗਈ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਇਸ ਤੋਂ ਪਹਿਲਾਂ ਵੀ ਉਹ ਪ੍ਰਧਾਨ ਮੰਤਰੀ ਕੋਲ ਅਫੀਮ ਦੀ ਖੇਤੀ ਕਰਨ ਦੀ ਮੰਗ ਕਰ ਚੁੱਕੇ ਹਨ।