ਕੈਪਟਨ ਬਾਰੇ ਦਿੱਤੇ ਬਿਆਨ ''ਤੇ ਨਵਜੋਤ ਸਿੱਧੂ ਨੇ ਦਿੱਤੀ ਸਫਾਈ

12/03/2018 7:22:19 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਨਾ ਮੰਨਣ ਦੇ ਦਿੱਤੇ ਬਿਆਨ 'ਤੇ ਨਵਜੋਤ ਸਿੱਧੂ ਨੇ ਸਫਾਈ ਦਿੱਤੀ ਹੈ। ਇਸ ਮਾਮਲੇ 'ਤੇ ਪਹਿਲੀ ਵਾਰ ਬੋਲਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਸਮਾਨ ਹਨ ਅਤੇ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਸਿੱਧੂ ਨੇ ਇਸ ਸਾਰੇ ਮਾਮਲੇ ਨੂੰ ਆਪਣੇ ਪੱਧਰ 'ਤੇ ਹੱਲ ਕਰਨ ਦੀ ਗੱਲ ਆਖੀ ਹੈ। ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਵੀ ਇਸ ਮਾਮਲੇ ਨੂੰ ਜਾਣ ਬੁੱਝ ਕੇ ਤੂਲ ਦੇਣ ਦੀ ਗੱਲ ਆਖੀ ਸੀ। ਬੀਬੀ ਸਿੱਧੂ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਦਾ ਅਧੂਰਾ ਬਿਆਨ ਸੁਣ ਕੇ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੇ ਕਹਿਣਾ ਗਲਤ ਮਤਲਬ ਨਹੀਂ ਸੀ। 
ਦੱਸ ਦੇਈਏ ਕਿ ਬੀਤੀ ਦਿਨੀਂ ਕਾਂਗਰਸ ਦੇ ਚੋਣ ਪ੍ਰਚਾਰ ਲਈ ਤੇਲੰਗਾਨਾ ਦੌਰੇ 'ਤੇ ਗਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਪਾਕਿਸਤਾਨੀ ਦੌਰੇ 'ਤੇ ਕੈਪਟਨ ਦੀ ਨਾਰਾਜ਼ਗੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬੜੇ ਬੇਬਾਕ ਅੰਦਾਜ਼ ਨਾਲ ਕਿਹਾ ਸੀ ਕਿ 'ਕੌਣ ਕੈਪਟਨ... ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਵਲੋਂ ਲਗਾਤਾਰ 'ਤੇ ਉਨ੍ਹਾਂ 'ਤੇ ਹਮਲੇ ਬੋਲੇ ਜਾ ਰਹੇ ਹਨ, ਵਿਰੋਧੀ ਹੀ ਨਹੀਂ ਸਗੋਂ ਸਾਥੀ ਮੰਤਰੀਆਂ ਅਤੇ ਆਪਣੇ ਹੀ ਵਿਧਾਇਕਾਂ ਨੇ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਕਈਆਂ ਨੇ ਸਿੱਧੂ ਨੂੰ ਕੈਬਨਿਟ ਮੰਤਰੀ 'ਚੋਂ ਅਸਤੀਫਾ ਦੇ ਕੇ ਲਾਂਭੇ ਹੋਣ ਦੀ ਸਲਾਹ ਵੀ ਦਿੱਤੀ ਹੈ।