ਲੁਧਿਆਣਾ ਆ ਕੇ ਵੀ ਚੋਣ ਪ੍ਰਚਾਰ ਤੋਂ ਦੂਰ ਨਵਜੋਤ ਸਿੱਧੂ

02/23/2018 8:34:02 AM

ਲੁਧਿਆਣਾ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਆਉਣ ਦੇ ਬਾਵਜੂਦ ਵੀ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ। ਨਵਜੋਤ ਸਿੱਧੂ ਇੱਥੇ ਇਕ ਸਮਾਰੋਹ 'ਚ ਹਿੱਸਾ ਲੈਣ ਪੁੱਜੇ ਪਰ ਚੋਣ ਪ੍ਰਚਾਰ ਨਹੀਂ ਕੀਤਾ। ਸਿੱਧੂ ਪੰਜਾਬ ਰਿਮੋਟ ਸੈਂਸਿੰਗ 'ਚ 'ਰੋਲ ਆਫ ਜੀਓਸਫੇਸ਼ੀਅਲ ਟੈਕਨਾਲਾਜੀਜ ਟੂ ਬ੍ਰਿਜ ਦਿ ਰੂਰਲ ਐਂਡ ਅਰਬਨ ਡਿਵਾਈਡ' ਵਿਸ਼ੇ 'ਤੇ ਕਰਵਾਈ ਜਾ ਰਹੀ ਤਿੰਨ ਦਿਨਾਂ ਰਾਸ਼ਟਰੀ ਕਾਨਫਰੰਸ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਉਨ੍ਹਾਂ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਨਾਲ ਨਾ ਸਿਰਫ ਗੈਰ ਕਾਨੂੰਨੀ ਉਸਾਰੀਆਂ ਅਤੇ ਨਾਜਾਇਜ਼ ਕਬਜ਼ਿਆਂ ਬਾਰੇ ਪਤਾ ਲਾਉਣ 'ਚ ਸਹਾਇਤਾ ਮਿਲੇਗੀ, ਸਗੋਂ ਪੰਜਾਬ ਸਰਕਾਰ ਨੂੰ ਅਜਿਹੀਆਂ ਇਮਾਰਤਾਂ ਦੇ ਮਾਲਕਾਂ ਤੋਂ ਟੈਕਸਾਂ ਦੇ ਰੂਪ 'ਚ ਕਰ ਇਕੱਤਰ ਕਰਨ 'ਚ ਵੀ ਲਾਭ ਮਿਲੇਗਾ। ਉਨ੍ਹਾਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਇਕ ਪ੍ਰਸਤਾਵ ਤਿਆਰ ਕਰਕੇ ਸਰਕਾਰ ਨੂੰ ਭੇਜਣ। ਇਸ ਮੌਕੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਡਾਇਰੈਕਟਰ ਬ੍ਰਿਜੇਂਦਰਾ ਪਟੇਰੀਆ ਅਤੇ ਹੋਰਾਂ ਨੇ ਨਵਜੋਤ ਸਿੱਧੂ ਦਾ ਸਨਮਾਨ ਕੀਤਾ। ਅਖੀਰ 'ਚ ਸਿੱਧੂ ਨੇ ਇਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।