ਸਲਾਹਕਾਰਾਂ ਨੇ ਕਰਵਾ''ਤੀ ਨਵਜੋਤ ਸਿੱਧੂ ਦੀ ਕਿਰਕਿਰੀ

01/06/2018 12:38:26 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨੇ ਇਕ ਵਾਰ ਫਿਰ ਉਨ੍ਹਾਂ ਦੀ ਕਿਰਕਿਰੀ ਕਰਵਾ ਦਿੱਤੀ ਹੈ। ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰਨ ਦੇ ਮਾਮਲੇ 'ਚ ਸਿੱਧੂ ਕਾਫੀ ਸੁਰਖੀਆਂ 'ਚ ਹਨ। ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਪੂਰੇ ਜੋਸ਼ ਨਾਲ ਆਪਣੇ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਸੀ। ਨਾਲ ਹੀ ਕਥਿਤ ਤੌਰ 'ਤੇ ਭ੍ਰਿਸ਼ਟ ਵਿਭਾਗ ਨੂੰ ਜਲਦ ਤੋਂ ਜਲਦੀ ਪਟੜੀ 'ਤੇ ਲਿਆਉਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਚੀਫ ਵਿਜੀਲੈਂਸ ਅਫਸਰ ਨੂੰ ਹਟਾ ਕੇ ਨਵੀਂ ਨਿਯੁਕਤੀ ਕੀਤੀ। ਇਸ ਤੋਂ ਬਾਅਦ ਸਿੱਧੂ ਨੇ ਚਾਰ ਐੱਸ. ਈ. ਅੰਮ੍ਰਿਤਸਰ ਦੇ ਕੇ. ਪੀ. ਕੇ. ਗੋਇਲ, ਜਲੰਧਰ ਦੇ ਕੁਲਵਿੰਦਰ ਸਿੰਘ, ਲੁਧਿਆਣਾ ਦੇ ਪਵਨ ਸ਼ਰਮਾ ਅਤੇ ਧਰਮ ਸਿੰਘ ਨੂੰ ਮੁਅੱਤਲ ਕਰ ਦਿੱਤਾ ਪਰ ਸਿੱਧੂ ਦੇ ਫੈਸਲੇ ਖਿਲਾਫ ਚਾਰੇ ਹਾਈਕੋਰਟ ਗਏ ਤਾਂ ਉਨ੍ਹਾਂ ਨੂੰ ਰਾਹਤ ਮਿਲ ਗਈ। ਇਸੇ ਮਾਮਲੇ ਖਿਲਾਫ ਸਿੱਧੂ ਨੇ ਤਿੰਨਾਂ ਨਿਗਮਾਂ ਦੇ ਉਸ ਸਮੇਂ ਦੇ ਕਮਿਸ਼ਨਰਾਂ ਸੋਨਾਲੀ ਗਿਰੀ, ਜੀ. ਐੱਸ. ਖਹਿਰਾ ਅਤੇ ਘਨਸ਼ਿਆਮ ਥੋਰੀ ਨੂੰ ਮੁਅੱਤਲ ਕਰਨ ਲਈ ਸਰਕਾਰ ਨੂੰ ਲਿਖਿਆ ਪਰ ਸਰਕਾਰ ਨੇ ਤਿੰਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਸਿੱਧੂ ਨੇ ਵੱਡੀ ਗਿਣਤੀ 'ਚ ਅਫਸਰਾਂ ਨੂੰ ਰਿਵਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਪਰ ਇਨ੍ਹਾਂ 'ਚੋਂ ਵੀ ਜ਼ਿਆਦਾਤਰ ਲੋਕਾਂ ਨੂੰ ਅਦਾਲਤ ਤੋਂ ਰਾਹਤ ਮਿਲ ਗਈ। ਹੁਣ ਮੋਹਾਲੀ ਦੇ ਮੇਅਰ ਦੇ ਮਾਮਲੇ 'ਚ ਸਿੱਧੂ ਇਕ ਵਾਰ ਫਿਰ ਗਲਤ ਸਿੱਧ ਹੋ ਗਏ ਹਨ। ਸਲਾਹਕਾਰਾਂ ਦੇ ਕਹਿਣ 'ਤੇ ਹੀ ਜਲਦਬਾਜ਼ੀ 'ਚ ਸਿੱਧ ਨੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ। ਇੱਥੋਂ ਤੱਕ ਕਿ ਪ੍ਰੈੱਸ ਕਾਨਫਰੰਸ 'ਚ ਬਿਆਨ ਵੀ ਜਾਰੀ ਕਰ ਦਿੱਤਾ ਗਿਆ। ਬਾਅਦ 'ਚ ਗਲਤੀ ਪਤਾ ਲੱਗੀ ਤਾਂ ਕੁਲਵੰਤ ਸਿੰਘ ਨੂੰ ਨੋਟਿਸ ਭੇਜਿਆ ਗਿਆ ਅਤੇ ਮੀਡੀਆ ਨੂੰ ਸੋਧਿਆ ਹੋਇਆ ਬਿਆਨ। ਹੁਣ ਕੁਲਵੰਤ ਸਿੰਘ ਨੂੰ ਭੇਜੇ ਨੋਟਿਸ 'ਚ ਸਿੰਗਲ ਟੈਂਡਰ ਨੂੰ ਆਧਾਰ ਬਣਾਇਆ ਗਿਆ ਹੈ, ਜਦੋਂ ਕਿ ਚਾਰ ਐੱਸ. ਈ. ਦੇ ਮਾਮਲੇ 'ਚ ਇਹ ਪਹਿਲਾਂ ਹੀ ਗਲਤ ਸਿੱਧ ਹੋ ਚੁੱਕਾ ਹੈ।