ਕੈਪਟਨ ਦੀ ਜ਼ਿੱਦ ਕਾਰਣ ਸਿੱਧੂ ਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਤਿਆਰੀ

08/01/2019 11:48:35 AM

ਲੁਧਿਆਣਾ (ਹਿਤੇਸ਼) : ਨਵਜੋਤ ਸਿੱਧੂ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਉਣ ਸਬੰਧੀ ਛਿੜੀ ਚਰਚਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੱਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਥੇ ਦੱਸਣਾ ਠੀਕ ਰਹੇਗਾ ਕਿ ਕੈਪਟਨ ਵਲੋਂ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਤੋਂ ਸਭ ਦੀਆਂ ਨਜ਼ਰਾਂ ਸਿੱਧੂ ਦੇ ਅਗਲੇ ਸਿਆਸੀ ਕਦਮ ਵੱਲ ਲੱਗੀਆਂ ਹੋਈਆਂ ਹਨ, ਜਿਸ 'ਚ ਪਹਿਲਾਂ ਸਿੱਧੂ ਨੂੰ ਆਲ ਇੰਡੀਆ ਕਾਂਗਰਸ 'ਚ ਕੋਈ ਅਹੁਦਾ ਦੇਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਪਰ ਕਈ ਦਿਨਾਂ ਤੱਕ ਉਡੀਕ ਦੇ ਬਾਵਜੂਦ ਕੋਈ ਨਤੀਜਾ ਸਾਹਮਣੇ ਨਾ ਆਉਣ 'ਤੇ ਸਿੱਧੂ ਹੁਣ ਅੰਮ੍ਰਿਤਸਰ 'ਚ ਆਪਣੇ ਘਰ ਦੇ ਅੰਦਰ ਜਾ ਕੇ ਬੈਠ ਗਏ ਹਨ।

ਇਸੇ ਦੌਰਾਨ ਸ਼ੀਲਾ ਦੀਕਸ਼ਿਤ ਦੀ ਮੌਤ ਤੋਂ ਬਾਅਦ ਖਾਲੀ ਹੋਈ ਦਿੱਲੀ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਦੀ ਕੁਰਸੀ 'ਤੇ ਸਿੱਧੂ ਨੂੰ ਬਿਠਾਉਣ ਦੀ ਚਰਚਾ ਤੇਜ਼ ਹੋ ਗਈ ਹੈ, ਜਿਸ ਨੂੰ ਕੈਪਟਨ ਦੀ ਜ਼ਿੱਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਕੈਪਟਨ ਵਲੋਂ ਪਹਿਲੇ ਹੀ ਦਿਨ ਤੋਂ ਸਿੱਧੂ ਨੂੰ ਕਾਂਗਰਸ 'ਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਗਿਆ ਸੀ। ਇਸ ਤੋਂ ਬਾਅਦ ਕੈਪਟਨ ਨੇ ਸਿੱਧੂ ਨੂੰ ਡਿਪਟੀ ਚੀਫ ਮਨਿਸਟਰ ਨਹੀਂ ਬਣਨ ਦਿੱਤਾ ਅਤੇ ਸਰਕਾਰ ਦੇ ਕਈ ਫੈਸਲਿਆਂ 'ਚ ਸਿੱਧੂ ਦੀ ਮਰਜ਼ੀ ਨਹੀਂ ਚੱਲਣ ਦਿੱਤੀ। ਹੁਣ ਕੈਪਟਨ ਨੇ ਲੋਕ ਸਭਾ ਚੋਣਾਂ ਦੌਰਾਨ ਸਿੱਧੂ ਨੂੰ ਪੰਜਾਬ ਤੋਂ ਦੂਰ ਰੱਖਣ ਦਾ ਸਟੈਂਡ ਲਿਆ, ਜਿਸ ਦੇ ਬਾਵਜੂਦ ਸਿੱਧੂ ਨੇ ਪ੍ਰਿਯੰਕਾ ਗਾਂਧੀ ਦੇ ਨਾਲ ਕੁਝ ਥਾਵਾਂ 'ਤੇ ਪ੍ਰਚਾਰ ਕੀਤਾ ਤਾਂ ਫ੍ਰੈਂਡਲੀ ਮੈਚ ਦੇ ਬਿਆਨ ਨੂੰ ਲੈ ਕੇ ਕੈਪਟਨ ਨੇ ਕੁਝ ਸੀਟਾਂ 'ਤੇ ਹਾਰ ਦਾ ਠੀਕਰਾ ਸਿੱਧੂ 'ਤੇ ਭੰਨ ਦਿੱਤਾ।

ਇਸ ਕੇਸ ਨੂੰ ਸੁਲਝਾਉਣ ਦੀ ਬਜਾਏ ਸਿੱਧੂ ਨੇ ਵਿਰੋਧੀ ਬਿਆਨਬਾਜ਼ੀ ਬੰਦ ਨਹੀਂ ਕੀਤੀ ਤਾਂ ਕੈਪਟਨ ਨੇ ਆਪਣੀ ਚਿਤਾਵਨੀ ਦੇ ਮੁਤਾਬਕ ਸਿੱਧੂ ਤੋਂ ਲੋਕਲ ਬਾਡੀਜ਼ ਵਿਭਾਗ ਵਾਪਸ ਲੈ ਲਿਆ। ਇਸ ਦੇ ਵਿਰੋਧ 'ਚ ਸਿੱਧੂ ਨੇ ਬਿਜਲੀ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ। ਫਿਰ ਵੀ ਕੈਪਟਨ ਨੇ ਅਸਤੀਫਾ ਦੇਣ ਦੀ ਚਿਤਾਵਨੀ ਨੂੰ ਅੱਖੋਂ-ਪਰੋਖੇ ਕਰ ਦਿੱਤਾ। ਇਸ ਤੋਂ ਬਾਅਦ ਸਿੱਧੂ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਅਹੁਦੇ 'ਤੇ ਦਾਅਵੇਦਾਰੀ ਜਤਾਈ ਗਈ ਪਰ ਕੈਪਟਨ ਸਿੱਧੂ ਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਜ਼ਿੱਦ 'ਤੇ ਅੜੇ ਹੋਏ ਹਨ, ਜਿਸ ਦਾ ਨਤੀਜਾ ਇਹ ਹੋਇਆ ਕਿ ਆਲ ਇੰਡੀਆ ਕਾਂਗਰਸ 'ਚ ਅਹੁਦਾ ਦੇਣ ਤੋਂ ਬਾਅਦ ਹੁਣ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ।

Babita

This news is Content Editor Babita