ਨਵਜੋਤ ਸਿੱਧੂ ’ਤੇ ਸੁਖਬੀਰ ਦੀ ਚੁਟਕੀ ‘ਲਗਦੈ ਕਾਂਗਰਸ ਦੇ ਪ੍ਰਧਾਨ ਨੇ ਚਾਰ ਮਹੀਨੇ ਵੀ ਨਹੀਂ ਕੱਢਣੇ’

08/28/2021 9:51:17 PM

ਤਰਨਤਾਰਨ : ‘ਗੱਲ ਪੰਜਾਬ ਦੀ’ ਬੈਨਰ ਹੇਠ ਪੰਜਾਬ ਦੀ ਯਾਤਰਾ ’ਤੇ ਨਿਕਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਰਹੱਦੀ ਜ਼ਿਲ੍ਹਾ ਤਰਨਤਾਰਨ ਪਹੁੰਚੇ। ਇਸ ਦੌਰਾਨ ਸੁਖਬੀਰ ਨੇ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਸੰਧੂ ਦੇ ਗ੍ਰਹਿ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਰਕਰਾਂ ਨੂੰ ਤਕੜੇ ਹੋ ਕੇ ਚੋਣਾਂਲਈ ਤਿਆਰ ਰਹਿਣ ਦਾ ਹੋਂਕਾ ਦਿੱਤਾ। ਸੁਖਬੀਰ ਨੇ ਕਿਹਾ ਕਿ ਸਾਢੇ ਚਾਰ ਸਾਲ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਲੀ ਕਾਂਗਰਸ ਸਰਕਾਰ ਦੇ ਹੁਣ ਕੁੱਝ ਕੁ ਮਹੀਨੇ ਹੀ ਬਾਕੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੰਮ ਸਿਰਫ ਲੋਕਾਂ ਨੂੰ ਲੁੱਟਣਾ ਅਤੇ ਕੁੱਟਣਾ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਵਲੋਂ ਜਲਿਆਂਵਾਲਾ ਬਾਗ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ

ਇਸ ਦੌਰਾਨ ਸੁਖਬੀਰ ਵਲੋਂ ਇਕਬਾਲ ਸਿੰਘ ਸੰਧੂ ਨੂੰ ਅਕਾਲੀ ਦਲ ਦਾ ਜਨਰਲ ਸੈਕਟਰੀ ਵੀ ਨਿਯੁਕਤ ਕੀਤਾ ਗਿਆ। ਅੱਗੇ ਬੋਲਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਸਾਢੇ ਚਾਰ ਸਾਲ ਤੱਕ ਪੰਜਾਬ ਵਿਚ ਸਿਰਫ ਮਾਫੀਆ ਹੀ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਅਕਾਲੀਆਂ ’ਤੇ ਝੂਠੇ ਪਰਚੇ ਦਰਜ ਕਰਵਾਏ ਗਏ ਪਰ ਹੁਣ ਇਨ੍ਹਾਂ ਕੋਲ ਸਿਰਫ ਚਾਰ ਮਹੀਨੇ ਹੀ ਬਾਕੀ ਰਹਿ ਗਏ ਹਨ। ਨਵਜੋਤ ਸਿੱਧੂ ’ਤੇ ਚੁਟਕੀ ਲੈਂਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇੰਝ ਜਾਪ ਰਿਹਾ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਤਾਂ ਚਾਰ ਮਹੀਨੇ ਵੀ ਨਹੀਂ ਕੱਢਣੇ ਹਨ। ਇਨ੍ਹਾਂ ਚਾਰ ਮਹੀਨੇ ਤੋਂ ਪਹਿਲਾਂ ਹੀ ਸਰਕਾਰ ਡੇਗ ਦੇਣੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਬਿਆਨ ’ਤੇ ਮਨੀਸ਼ ਤਿਵਾੜੀ ਦਾ ਤੰਜ

ਸੁਖਬੀਰ ਨੇ ਕਿਹਾ ਕਿ ਇਸ ਵਾਰ ਚੋਣਾਂ ਵਿਚ ਚਾਰ ਪਾਰਟੀਆਂ ਮੈਦਾਨ ਵਿਚ ਹਨ, ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਤਿੰਨਾਂ ਪਾਰਟੀਆਂ ਨੂੰ ਹੁਕਮ ਦਿੱਲੀ ਤੋਂ ਆਉਂਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਇਕੋ ਇਕ ਅਜਿਹੀ ਪਾਰਟੀ ਹੈ, ਜਿਹੜੀ ਪੰਜਾਬੀਆਂ ਦੀ ਬਾਂਹ ਫੜਦੀ ਹੈ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਆਪਣੇ 13 ਏਜੰਡਿਆਂ ਦਾ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਪਰ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਵਿਕਾਸ ਦੇ ਹੋਰ ਵੀ ਕੰਮ ਵੱਡੇ ਪੱਧਰ ’ਤੇ ਕੀਤੇ ਜਾਣਗੇ, ਜਿਸ ਨਾਲ ਗਰੀਬਾਂ ਅਤੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ।

ਇਹ ਵੀ ਪੜ੍ਹੋ : ਕਾਂਗਰਸ ’ਚ ਵਧੇ ‘ਸਿਆਸੀ ਪਾਰੇ’ ਦਰਮਿਆਨ ਪਰਗਟ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ

ਨੋਟ - ਨਵਜੋਤ ਸਿੱਧੂ ’ਤੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ?

Gurminder Singh

This news is Content Editor Gurminder Singh