ਹੁਣ ਬਾਜਵਾ ਨੇ ਬੇਅਦਬੀਆਂ ਦੇ ਮੁੱਦੇ ''ਤੇ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

08/17/2019 9:35:06 AM

ਚੰਡੀਗੜ੍ਹ (ਭੁੱਲਰ)—ਨਵਜੋਤ ਸਿੱਧੂ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ 'ਤੇ ਰਾਜ ਦੀ ਆਪਣੀ ਹੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਵਲੋਂ ਇਕ ਟੀ.ਵੀ. ਚੈਨਲ 'ਤੇ ਦਿੱਤੀ ਗਈ ਇੰਟਰਵਿਊ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਹੀ ਨਿਸ਼ਾਨਾ ਬਣਾਉਣ ਦੀ ਸਿਆਸੀ ਹਲਕਿਆਂ 'ਚ ਕਾਫ਼ੀ ਚਰਚਾ ਹੈ ਅਤੇ ਪਾਰਟੀ ਅੰਦਰ ਵੀ ਇਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਚੋਣਾਂ ਦੌਰਾਨ ਬੇਅਦਬੀਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਖਿਲਾਫ਼ ਵਿਰੋਧੀਆਂ ਨਾਲ ਮਿਲੇ ਹੋਣ ਸਬੰਧੀ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਆਪਣਾ ਮੰਤਰੀ ਅਹੁਦਾ ਗਵਾਉਣਾ ਪਿਆ ਹੈ। ਹੁਣ ਪਾਰਟੀ ਦੇ ਸੀਨੀਅਰ ਆਗੂ ਬਾਜਵਾ ਵਲੋਂ ਵੀ ਬਰਗਾੜੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਮਤੇ ਨੂੰ ਲੈ ਕੇ ਆਪਣੀ ਹੀ ਸਰਕਾਰ ਦੇ ਮੰਤਰੀਆਂ 'ਤੇ ਨਿਸ਼ਾਨਾ ਸਾਧੇ ਜਾਣ ਤੋਂ ਬਾਅਦ ਸਿੱਧੂ ਵਲੋਂ ਦਿੱਤੇ ਗਏ ਵਿਚਾਰਾਂ ਨੂੰ ਵੀ ਬਲ ਮਿਲੇਗਾ ਤੇ ਆਉਣ ਵਾਲੇ ਸਮੇਂ ਵਿਚ ਪ੍ਰਦੇਸ਼ ਕਾਂਗਰਸ ਅੰਦਰ ਇਸ ਮੁੱਦੇ ਨੂੰ ਲੈ ਕੇ ਵੱਖਰੇ ਸਮੀਕਰਨ ਪੈਦਾ ਹੋ ਸਕਦੇ ਹਨ। ਕਿਉਂਕਿ ਸਰਕਾਰ ਦੇ ਕਈ ਵਿਧਾਇਕ ਵੀ ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਨਰਾਜ਼ ਚੱਲ ਰਹੇ ਹਨ।

ਬਾਜਵਾ ਵਲੋਂ ਸਪੱਸ਼ਟ ਤੌਰ 'ਤੇ ਰਾਜ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਹੈ ਕਿ ਜਿਹੜੇ ਮੰਤਰੀ ਵਿਧਾਨਸਭਾ 'ਚ ਬੇਅਦਬੀ ਦੇ ਮੁੱਦੇ 'ਤੇ ਬਹਿਸ ਦੌਰਾਨ ਗਰਜੇ ਸਨ, ਜੇਕਰ ਉਨ੍ਹਾਂ ਦੀ ਜ਼ਮੀਰ ਜਾਗਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਇਨ੍ਹਾਂ ਮੰਤਰੀਆਂ ਵਲੋਂ ਇਕ ਸਾਲ ਬਾਅਦ ਹੀ ਇਨਸਾਫ਼ ਨਾ ਦਿਵਾਏ ਜਾ ਸਕਣ ਕਾਰਨ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਕੋਈ ਤੁਕ ਨਹੀਂ ਅਤੇ 'ਆਪ' ਆਗੂ ਫੂਲਕਾ ਵਾਂਗ ਬੇਅਦਬੀ ਦੇ ਮੁੱਦਿਆਂ 'ਤੇ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ। ਬਾਜਵਾ ਵਲੋਂ ਮੁੱਖ ਮੰਤਰੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸਰਕਾਰ ਦੇ ਐਡਵੋਕੇਟ ਜਨਰਲ ਵਲੋਂ ਵੀ ਸਹੀ ਰਾਏ ਨਹੀਂ ਦਿੱਤੀ ਗਈ, ਜਦਕਿ ਵਿਧਾਨਸਭਾ 'ਚ ਮਤਾ ਪਾਸ ਹੋਣ ਦੇ ਬਾਵਜੂਦ ਕਾਨੂੰਨੀ ਤੌਰ 'ਤੇ ਸੀ.ਬੀ.ਆਈ. ਨੂੰ ਦਿੱਤੀ ਜਾਂਚ ਵਾਪਸ ਨਹੀਂ ਸੀ ਲਈ ਜਾ ਸਕਦੀ। ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਬਾਜਵਾ ਵਲੋਂ ਦਿਖਾਏ ਗਏ ਤਿੱਖੇ ਤੇਵਰਾਂ ਬਾਅਦ ਪੰਜਾਬ ਕਾਂਗਰਸ ਅੰਦਰ ਆਉਣ ਵਾਲੇ ਦਿਨਾਂ 'ਚ ਹਲਚਲ ਹੋਰ ਵਧਣ ਦੇ ਪੂਰੇ ਆਸਾਰ ਹਨ।

Shyna

This news is Content Editor Shyna