ਕਰਤਾਰਪੁਰ ਲਾਂਘੇ ਦੇ ਸਿੱਧੂ ਦੇ ਦਾਅਵੇ ਨੂੰ ਪਾਕਿ ਵਿਦੇਸ਼ ਮੰਤਰਾਲੇ ਨੇ ਕੀਤਾ ਖਾਰਜ

09/19/2018 7:10:33 PM

ਨਵੀਂ ਦਿੱਲੀ/ਪਾਕਿਸਤਾਨ : ਕਰਤਰਾਪੁਰ ਕਾਰੀਡੋਰ ਖੋਲ੍ਹੇ ਜਾਣ ਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਪਾਕਿਸਤਾਨ ਨੇ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਨਾਲ ਇਸ ਬਾਰੇ ਕੋਈ ਰਸਮੀ ਗੱਲ ਨਹੀਂ ਹੋਈ ਹੈ, ਜਦਕਿ ਨਵਜੋਤ ਸਿੱਧੂ ਨੇ ਪਾਕਿ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਸੰਬੰਧੀ ਸਹਿਮਤੀ ਪ੍ਰਗਟਾਏ ਜਾਣ ਦਾ ਦਾਅਵਾ ਕੀਤਾ ਸੀ। 

ਦੱਸਣਯੋਗ ਹੈ ਕਿ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨ ਗਏ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਪਾਕਿ ਫੌਜ ਮੁਖੀ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ 'ਤੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੀ ਗੱਲ ਆਖੀ ਸੀ, ਜਿਸ ਲਈ ਉਨ੍ਹਾਂ ਨੇ ਪਾਕਿ ਫੌਜ ਮੁਖੀ ਨੂੰ ਜੱਫੀ ਪਾਈ ਸੀ।