ਸਰਕਾਰਾਂ ਨੇ ਗਰੀਬਾਂ ਲਈ ਐਲਾਨ ਤਾਂ ਬਹੁਤ ਕੀਤੇ ਪਰ ਕੰਮ ਕਿਸੇ ਨੇ ਨਹੀਂ ਕੀਤਾ : ਸਿੱਧੂ

03/12/2024 4:23:28 PM

ਰੋਪੜ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਸਮੇਂ ਦੀ ਸਰਕਾਰਾਂ ਨੇ ਗਰੀਬਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਾਅਦੇ ਤਾਂ ਬਹੁਤ ਕੀਤੇ ਪਰ ਕੰਮ ਨਹੀਂ ਕੀਤਾ। ਸਿੱਧੂ ਅੱਜ ਸ਼ਮਸ਼ੇਰ ਸਿੰਘ ਦੂਲੋਂ ਨਾਲ ਪਿੰਡ ਬੁੰਗਾ ਸਥਿਤ ਬੀ. ਐੱਸ. ਪੀ. ਸੁਪਰੀਮੋ ਮਰਹੂਮ ਬਾਬੂ ਕਾਂਸ਼ੀ ਰਾਮ ਦੇ ਗ੍ਰਹਿ ਨਿਵਾਸ ਬੁੰਗਾ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਹੋਏ ਸਨ। ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੀ 35 ਫੀਸਦੀ ਆਬਾਦੀ ਬੱਹੇਦ ਗਰੀਬ ਹੈ। ਪਿਛਲੇ ਕਈ ਸਾਲਾਂ ਤੋਂ ਜਨਗਣਨਾ ਨਹੀਂ ਹੋਈ ਹੈ। ਬੀਪੀਐੱਲ ਕਮੇਟੀ ਵਿਚ ਆਖਿਆ ਗਿਆ ਸੀ ਕਿ 37 ਫੀਸਦੀ ਲੋਕ ਗਰੀਬ ਹਨ, ਜਿਨ੍ਹਾਂ ਨੂੰ ਸਬਸਿਡੀ ਦੀ ਲੋੜ ਹੈ, 14 ਸਾਲ ਵਿਚ ਸਰਕਾਰ ਨੂੰ ਇਹ ਹੀ ਪਤਾ ਨਹੀਂ ਲੱਗਾ ਕਿ ਗਰੀਬ ਕੌਣ ਹਨ। ਇਸ ਤੋਂ ਇਲਾਵਾ ਪੰਜਾਬ ਦੇ 35 ਫੀਸਦੀ ਲੋਕ ਜਿਹੜੇ ਦਲਿਤ ਹਨ, ਕਿਸਾਨ ਹਨ, ਪੱਲੇਦਾਰ ਹਨ, ਮਜ਼ਦੂਰ ਹਨ, ਉਨ੍ਹਾਂ ਦੀ ਜ਼ਿੰਦਗੀ ਬਿਹਤਰ ਕਰਨ ਲਈ ਸਰਕਾਰਾਂ ਨੇ ਗੱਲਾਂ ਬਹੁਤ ਕੀਤੀਆਂ ਪਰ ਸਾਰ ਨਹੀਂ ਲਈ। ਉਨ੍ਹਾਂ ਕੋਲ ਸਿਰਫ ਦੋ ਫੀਸਦੀ ਜ਼ਮੀਨ ਹੈ, ਕਈ ਬੇਘਰ ਹਨ। ਕਾਂਗਰਸ ਸਰਕਾਰ ਨੇ ਸਭ ਵੱਡੀ ਪਾਲਿਸੀ ਮਨਰੇਗਾ ਦੇ ਰੂਪ ਵਿਚ ਦਿੱਤੀ, ਜਿਸ ਦਾ ਫਾਇਦਾ ਅਸੀਂ ਅਰਬਨ ਇਲਾਕੇ ਵਿਚ ਵੀ ਦੇ ਸਕਦੇ ਹਾਂ। ਇਹੋ ਜਿਹੀਆਂ ਸਕੀਮਾਂ ਲਿਆ ਕੇ ਹੀ ਅਸੀਂ ਬਾਬੂ ਕਾਂਸ਼ੀ ਰਾਮ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। 

ਸਿੱਧੂ ਨੇ ਕਿਹਾ ਕਿ ਪਿੰਡਾਂ ਵਿਚ ਸਿਆਸਤਦਾਨਾਂ ਨੇ ਜਿਹੜੀਆਂ ਜ਼ਮੀਨਾਂ ਦੱਬੀਆਂ ਹਨ, ਉਹ ਗਰੀਬਾਂ ਨੂੰ ਠੇਕੇ ’ਤੇ ਦਿੱਤੀਆਂ ਜਾਣ ਜਾਂ 3-4 ਮਰਲੇ ਦਾ ਪਲਾਟ ਦੇ ਕੇ ਆਸ਼ਿਆਨਾ ਦਿੱਤਾ ਜਾਵੇ। ਜਿਹੜੀ ਸਰਕਾਰ ਗਰੀਬਾਂ ਦੀ ਸਾਰ ਲਵੇਗੀ, ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰੇਗੀ, ਉਹ ਅਗਲੇ 25 ਸਾਲ ਤਕ ਕਿਤੇ ਨਹੀਂ ਜਾਵੇਗੀ। ਇਸ ਦੌਰਾਨ ਬੀਤੇ ਦਿਨੀਂ ਵਿਧਾਨ ਸਭਾ ’ਚ ਵਾਪਰੇ ਘਟਨਾਕ੍ਰਮ ’ਤੇ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਜਦੋਂ ਗਰੀਬਾਂ ਨੂੰ ਦੇਣ ਲਈ ਕੁੱਝ ਨਹੀਂ, ਨੌਜਵਾਨਾਂ ਨੂੰ ਨੌਕਰੀਆਾਂ ਦੇਣ ਦਾ ਵਾਅਦਾ ਨਹੀਂ ਪੂਰਾ ਕੀਤਾ, ਪੀਪੀਏ ਸਮਝੌਤੇ ਰੱਦ ਨਹੀਂ ਹੋਏ, ਬੀਬੀਆਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਨਹੀਂ ਦਿੱਤਾ ਗਿਆ, ਓਲਡ ਪੈਨਸ਼ਨ ਸਕੀਮ ਨਹੀਂ ਦਿੱਤੀ ਗਈ ਤਾਂ ਫਿਰ ਵਿਧਾਨ ਸਭਾ ਵਿਚ ਤੂੰ-ਤੂੰ ਮੈਂ-ਮੈਂ ਕਰਕੇ ਧਿਆਨ ਮੁੱਦਿਆਂ ਤੋਂ ਭਟਕਾਇਆ ਹੀ ਜਾਵੇਗਾ। ਪੰਜਾਬ ਦੀ ਜਨਤਾ ਬਹੁਤ ਸਿਆਣੀ ਹੈ। ਲੋਕਾਂ ਨੂੰ ਮੂਰਖ ਬਣਾ ਕੇ ਝੂਠ ਵੇਚ ਕੇ ਝੂਠੇ ਸੁਫ਼ਨੇ ਦਿਖਾ ਕੇ ਇਕ ਵਾਰ ਤਾਂ ਵੋਟਾਂ ਲੈ ਲਵੋਗੇ ਪਰ ਇਸ ਨੂੰ ਬਰਕਰਾਰ ਨਹੀਂ ਰੱਖ ਸਕਦੇ।

Gurminder Singh

This news is Content Editor Gurminder Singh