'ਮੋਦੀ' ਵਲੋਂ ਲਾਂਘਾ ਖੋਲ੍ਹਣ 'ਤੇ ਇਮਰਾਨ ਖਾਨ ਦਾ ਧੰਨਵਾਦ, 'ਯੂਨੈਸਕੋ' ਨੂੰ ਵੀ ਕਿਹਾ ਸ਼ੁਕਰੀਆ (ਵੀਡੀਓ)

11/09/2019 6:47:45 PM

ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਅਰਦਾਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਸਮੇਂ 'ਤੇ ਪੂਰਾ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ 'ਤੇ ਆ ਕੇ ਉਹ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲਿਆ ਕੌਮੀ ਸੇਵਾ ਪੁਰਸਰਕਾਰ ਨੂੰ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਸਮਰਪਿਤ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਉਨ੍ਹਾਂ 'ਤੇ ਇੰਝ ਹੀ ਬਣੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਦੇਵ ਜੀ ਯਾਤਰਾ ਲਈ ਨਿਕਲੇ ਸਨ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਯੁੱਗ ਨੂੰ ਬਦਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਯਾਤਰਾਵਾਂ ਦਾ ਮਕਸਦ ਸੰਸਾਰ ਦੇ ਲੋਕਾਂ ਨੂੰ ਤਾਰਨਾ ਸੀ।


'ਯੂਨੈਸਕੋ' ਨੂੰ ਕਿਹਾ ਸ਼ੁਕਰੀਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਾਲ-ਨਾਲ 'ਯੂਨੈਸਕੋ' ਨੂੰ ਵੀ ਸ਼ੁਕਰੀਆ ਕਿਹਾ ਹੈ। ਯੂਨੈਸਕੋ ਵਲੋਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦਾ ਵੱਖ-ਵੱਖ ਭਾਸ਼ਾਵਾਂ 'ਚ ਅਨੁਵਾਦ ਕਰਨ ਦੀ ਕੇਂਦਰ ਸਰਕਾਰ ਦੀ ਅਪੀਲ ਮਨਜ਼ੂਰ ਕਰ ਲਈ ਗਈ ਹੈ। ਮੋਦੀ ਨੇ ਕਿਹਾ ਕਿ ਇਸ ਨਾਲ ਗੁਰੂ ਜੀ ਦੀਆਂ ਰਚਨਾਵਾਂ ਅਤੇ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇਗਾ।

ਜੰਮੂ-ਕਸ਼ਮੀਰ, ਲੱਦਾਖ ਦੇ ਸਿੱਖਾਂ ਨੂੰ ਮਿਲਣਗੇ ਸਾਰੇ ਅਧਿਕਾਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਧਾਰਾ-370 ਹਟਣ ਕਾਰਨ ਸਿੱਖ ਭਾਈਚਾਰੇ ਨੂੰ ਵੱਡਾ ਫਾਇਦਾ ਮਿਲਿਆ ਹੈ ਕਿਉਂਕਿ ਪੂਰੇ ਦੇਸ਼ ਦੀ ਤਰ੍ਹਾਂ ਹੀ ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸਿੱਖਾਂ ਨੂੰ ਵੀ ਬਰਾਬਰ ਦੇ ਹੱਕ ਮਿਲ ਸਕਣਗੇ।

ਕਰਤਾਰਪੁਰ ਦੇ ਕਣ-ਕਣ 'ਚ ਵਸੇ ਬਾਬਾ ਨਾਨਕ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਕਣ-ਕਣ 'ਚ ਬਾਬੇ ਨਾਨਕ ਦੇ ਪਸੀਨੇ ਦੀ ਮਹਿਕ ਰਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ 'ਚ ਰਹਿ ਕੇ ਹੀ ਹੱਲ ਚਲਾਉਂਦੇ ਹੋਏ ਗੁਰੂ ਜੀ ਨੇ ਆਪਣੇ ਪਹਿਲੇ ਨਿਯਮ 'ਕਿਰਤ ਕਰੋ' ਦੀ ਮਿਸਾਲ ਪੇਸ਼ ਕੀਤਾ ਅਤੇ ਇੱਥੇ ਹੀ 'ਨਾਮ ਜੱਪੋ' ਮਤਲਬ ਕਿ ਲੋਕਾਂ ਨੂੰ ਨਾਮ ਜੱਪਣ ਦੀ ਵਿਧੀ ਵੀ ਦੱਸੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਿਹਨਤ ਨਾਲ ਪੈਦਾ ਕੀਤੀ ਫਸਲ ਨੂੰ ਮਿਲ-ਵੰਡ ਕੇ ਖਾਣ ਮਤਲਬ ਕਿ 'ਵੰਡ ਛਕੋ' ਦੀ ਰੀਤ ਵੀ ਚਲਾਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਈ ਅਸੀਂ ਜੋ ਵੀ ਕਰਾਂਗ, ਉਹ ਘੱਟ ਹੀ ਰਹੇਗਾ।

Babita

This news is Content Editor Babita