ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਬਾਦਲ ਕਰਨਗੇ ਸੰਗਤਾਂ ਨੂੰ ਸੰਬੋਧਨ

01/04/2017 3:45:57 PM

ਪਟਨਾ (ਜੁਗਿੰਦਰ ਸੰਧੂ, ਕੁਲਦੀਪ ਬੇਦੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਇੱਥੇ ਕੀਤੇ ਜਾ ਰਹੇ ਸਮਾਰੋਹਾਂ ਦੌਰਾਨ 5 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਗਤਾਂ ਨੂੰ ਸੰਬੋਧਨ ਕਰਨਗੇ। ਗਾਂਧੀ ਮੈਦਾਨ ''ਚ ਹੋਣ ਵਾਲੇ ਇਕ ਵਿਸ਼ਾਲ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਜਿੱਥੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਗੇ, ਉੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਬਿਹਾਰ ਲਈ ਕੋਈ ਵਿਸ਼ੇਸ਼ ਐਲਾਨ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨਾ ਤਾਂ ਕੋਈ ਸਿਆਸੀ ਬਿਆਨ ਦੇ ਸਕਦੇ ਹਨ ਅਤੇ ਨਾ ਹੀ ਆਪਣੇ ਵਲੋਂ ਕੋਈ ਐਲਾਨ ਕਰ ਸਕਦੇ ਹਨ ਕਿਉਂਕਿ ਪੰਜਾਬ ''ਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਇਸ ਸਮਾਗਮ ਨੁੰ ਸੰਬੋਧਨ ਕਰਨ ਵਾਲੀਆਂ ਹੋਰ ਉੱਚ ਸ਼ਖਸੀਅਤਾਂ ''ਚ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ, ਬਿਹਾਰ ਦੇ ਰਾਜਪਾਲ ਰਾਮ ਨਾਥ ਕੋਵਿੰਦ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਰਾਮ ਬਿਲਾਸ ਪਾਸਵਾਨ, ਲਾਲੂ ਪ੍ਰਸਾਦ ਯਾਦਵ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ, ਸਿੱਖਿਆ ਮੰਤਰੀ ਅਸ਼ੋਕ ਚੌਧਰੀ ਦੇ ਨਾਂ ਸ਼ਾਮਲ ਹਨ। ਇਸ ਮੌਕੇ ''ਤੇ ਬਿਹਾਰ ਦੇ ਮੰਤਰੀ ਅਵਧੇਸ਼ ਕੁਮਾਰ, ਬਿਹਾਰ ਟੂਰਿਜ਼ਮ ਦੇ ਮੈਡਮ ਹਰਜੋਤ ਕੌਰ, ਸਾਬਕਾ ਮੰਤਰੀ ਸ਼ਕੀਲ ਅਹਿਮਦ ਖਾਨ, ਬਿਹਾਰ ਦੇ ਮਾਲ ਮੰਤਰੀ ਮਦਨ ਮੋਹਨ, ਬਿਹਾਰ ਦੇ ਉੱਚ ਅਧਿਕਾਰੀ ਅਤੇ ਹੋਰ ਮਹੱਤਵਪੂਰਨ ਸ਼ਖਸੀਅਤਾਂ ਵੀ ਮੌਜੂਦ ਹੋਣਗੀਆਂ। 

Babita Marhas

This news is News Editor Babita Marhas