PM ਮੋਦੀ ਦੀ 9ਵੀਂ ਪੰਜਾਬ ਫੇਰੀ ਤੋਂ ਵੱਡੀਆਂ ਆਸਾਂ ਲਗਾਈ ਬੈਠੇ ਪੰਜਾਬ ਵਾਸੀ

01/03/2019 12:05:42 PM

ਗੁਰਦਾਸਪੁਰ,(ਹਰਮਨਪ੍ਰੀਤ)— ਕਰੀਬ ਸਾਢੇ ਚਾਰ ਸਾਲ ਪਹਿਲਾਂ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ 'ਚ ਆਉਣ ਦੇ ਬਾਅਦ ਹੁਣ ਤੱਕ ਦੇ ਤਕਰੀਬਨ 55 ਮਹੀਨਿਆਂ ਦੌਰਾਨ ਤਕਰੀਬਨ 8 ਵਾਰ ਪੰਜਾਬ ਦਾ ਦੌਰਾ ਕੀਤਾ ਹੈ। ਇਨ੍ਹਾਂ ਵਿਚੋਂ ਤਕਰੀਬਨ ਅੱਧੇ ਦੌਰੇ ਚੋਣ ਪ੍ਰਚਾਰ ਨਾਲ ਸਬੰਧਿਤ ਹਨ ਜਦੋਂ ਕਿ ਬਠਿੰਡਾ ਵਿਖੇ 'ਏਮਸ' ਦਾ ਨੀਂਹ ਪੱਥਰ ਰੱਖਣ ਨਾਲ ਸਬੰਧਿਤ ਇਕ ਦੌਰੇ ਤੋਂ ਇਲਾਵਾ ਬਾਕੀ ਦੇ ਦੌਰੇ ਹੋਰ ਕੰਮਾਂ ਲਈ ਸਨ। ਪ੍ਰਧਾਨ ਮੰਤਰੀ ਦੇ ਇੰਨੇ ਦੌਰਿਆਂ ਦੇ ਬਾਵਜੂਦ ਪੰਜਾਬ ਵਾਸੀਆਂ ਦੇ ਬਹੁ-ਗਿਣਤੀ ਮਸਲੇ ਅਤੇ ਮੰਗਾਂ ਜਿਉਂ ਦੀਆਂ ਤਿਉਂ ਹੀ ਰਹੀਆਂ ਹਨ, ਜਿਸ ਕਾਰਨ ਹੁਣ ਜਦੋਂ ਮੁੜ ਪ੍ਰਧਾਨ ਮੰਤਰੀ ਗੁਰਦਾਸਪੁਰ ਵਿਖੇ ਆ ਰਹੇ ਹਨ ਤਾਂ ਨਾ ਸਿਰਫ ਇਸ ਸਰਹੱਦੀ ਜ਼ਿਲੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਤੋਂ ਵੱਡੀਆਂ ਉਮੀਦਾਂ ਹਨ ਸਗੋਂ ਸਮੁੱਚਾ ਪੰਜਾਬ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਲੈ ਕੇ ਕਈ ਆਸਾਂ ਲਗਾਈ ਬੈਠਾ ਹੈ।

ਗੁਰਦਾਸਪੁਰ ਲੋਕ ਸਭਾ ਹਲਕੇ ਨੂੰ 'ਲੱਕੀ' ਸਮਝਦੇ ਹਨ ਮੋਦੀ

ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੇ 24 ਜੂਨ 2013 ਦੌਰਾਨ ਪੰਜਾਬ ਅਤੇ ਜੰਮੂ ਤੇ ਕਸ਼ਮੀਰ ਦੀ ਸਰਹੱਦ 'ਤੇ ਲੋਕ ਸਭਾ ਹਲਕਾ ਗੁਰਦਾਸਪੁਰ 'ਚ ਮਾਧੋਪੁਰ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਕੇ ਆਪਣੀ ਚੋਣ ਮੁਹਿੰਮ ਦਾ ਆਗਾਜ ਕੀਤਾ ਸੀ। ਉਸ ਮੌਕੇ ਭਾਜਪਾ ਨੇ ਸ਼ਾਮਾ ਪ੍ਰਸਾਦ ਮੁਖਰਜੀ ਦੀ 60ਵੀਂ ਬਰਸੀ ਮੌਕੇ ਵਿਸ਼ਾਲ ਰੈਲੀ ਕਰਵਾਈ ਸੀ। ਉਪਰੰਤ 2014 ਦੀਆਂ ਚੋਣਾਂ ਦੌਰਾਨ ਨਰਿੰਦਰ ਮੋਦੀ ਵੱਲੋਂ ਜਗਰਾਉਂ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਅਪ੍ਰੈਲ 2014 ਦੌਰਾਨ ਵੀ ਉਨਾਂ ਨੇ ਅੰਮ੍ਰਿਤਸਰ ਸਮੇਤ ਹੋਰ ਸ਼ਹਿਰਾਂ 'ਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਹੱਕ 'ਚ ਵਿਸ਼ਾਲ ਰੈਲੀਆਂ ਕੀਤੀਆਂ। ਇਨ੍ਹਾਂ ਰੈਲੀਆਂ ਦੌਰਾਨ ਮੋਦੀ ਨੇ ਪੰਜਾਬ ਦੀ ਨੁਹਾਰ ਬਦਲਣ ਸਮੇਤ ਅਨੇਕਾਂ ਦਿਲ ਲੁਭਾਉ ਸੁਪਨੇ ਦਿਖਾਏ ਸਨ। ਪਰ ਬਾਅਦ 'ਚ ਕਈ ਵਾਅਦੇ ਹਵਾ ਹੋ ਗਏ ਅਤੇ ਪੰਜਾਬ ਨੂੰ ਕੋਈ ਵੀ ਵੱਡਾ ਤੇ ਵਿਸ਼ੇਸ ਪੈਕਜ ਨਹੀਂ ਮਿਲ ਸਕਿਆ।

2015 'ਚ ਅਚਾਨਕ ਪੰਜਾਬ ਪਹੁੰਚ ਗਏ ਸਨ ਮੋਦੀ

ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਮਾਰਚ 2015 ਨੂੰ ਫਿਰੋਜ਼ਪੁਰ ਨੇੜੇ ਹੁਸੈਨੀਵਾਲਾ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਸੀ। 2015 ਦੌਰਾਨ ਨਵੰਬਰ ਮਹੀਨੇ ਦੀਵਾਲੀ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨੇ ਪੰਜਾਬ ਸਰਕਾਰ ਅਤੇ ਪਾਰਟੀ ਦੇ ਕਿਸੇ ਵੀ ਸੀਨੀਅਰ ਆਗੂ ਨੂੰ ਸੂਚਨਾ ਦਿੱਤੇ ਬਗੈਰ ਹੀ ਅਚਨਚੇਤ ਅੰਮ੍ਰਿਤਸਰ ਪਹੁੰਚ ਕੇ ਸਰਹੱਦ ਦੇ ਰਾਖਿਆਂ ਨਾਲ ਦੀਵਾਲੀ ਮਨਾਈ ਅਤੇ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਦੇਣ ਤੋਂ ਇਲਾਵਾ ਉਨ੍ਹਾਂ ਦੀ ਹੌਂਸਲਾ ਅਫਜਾਈ ਵੀ ਕੀਤੀ।

2016 'ਚ ਪੰਜਾਬ ਦੇ ਕੀਤੇ 3 ਦੌਰੇ

ਪ੍ਰਧਾਨ ਮੰਤਰੀ ਨੇ ਸਾਲ 2016 ਦੇ ਸ਼ੁਰੂ 'ਚ ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਦੇ ਬਾਅਦ 9 ਜਨਵਰੀ ਨੂੰ ਇਸ ਏਅਰਬੇਸ ਦਾ ਦੌਰਾ ਕੀਤਾ ਜਿਥੋਂ ਉਹ ਵਾਪਸ ਚਲੇ ਗਏ। ਉਪਰੰਤ ਉਨ੍ਹਾਂ ਨੇ ਉਸੇ ਸਾਲ 25 ਨਵੰਬਰ ਨੂੰ ਬਠਿੰਡਾ 'ਚ ਉਸਾਰੇ ਜਾਣ ਵਾਲੇ 'ਏਮਸ' ਦਾ ਨੀਂਹ ਪੱਥਰ ਰੱਖਿਆ। ਇਸੇ ਦੌਰਾਨ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਨਤਮਸਤਕ ਹੋਏ। ਉਸੇ ਸਾਲ ਦੇ ਅਖੀਰ 'ਚ ਇਕ ਕਾਨਫਰੰਸ 'ਚ ਹਿੱਸਾ ਲੈਣ ਲਈ ਅੰਮ੍ਰਿਤਸਰ ਫੇਰੀ ਦੌਰਾਨ ਉਹ ਅਚਨਚੇਤ ਸ੍ਰੀ ਹਰਿਮੰਦਰ ਸਾਹਿਬ ਵੀ ਪਹੁੰਚ ਗਏ।

2017 ਦੌਰਾਨ ਸਿਰਫ ਚੋਣ ਰੈਲੀਆਂ ਤੱਕ ਸੀਮਤ ਰਹੀ ਮੋਦੀ ਦੀ ਆਮਦ

2017 ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਅੰਦਰ ਪਹਿਲੇ ਮਹੀਨੇ ਦੇ ਅਖੀਰ 'ਚ ਚੋਣਾਂ ਤੋਂ ਐਨ ਪਹਿਲਾਂ ਕੋਟਕਪੂਰਾ ਅਤੇ ਜਲੰਧਰ ਵਿਖੇ ਗਠਜੋੜ ਦੇ ਉਮੀਦਵਾਰਾਂ ਦੇ ਹੱਕ 'ਚ ਰੈਲੀਆਂ ਕੀਤੀਆਂ।

2018 ਦੌਰਾਨ ਕੀਤਾ ਇਕ ਦੌਰਾ ਪਰ ਨਹੀਂ ਕਰ ਸਕੇ ਕੋਈ ਐਲਾਨ

ਸਾਲ 2018 ਦੌਰਾਨ ਭਾਜਪਾ ਨੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਲਈ ਕੀਤੇ ਗਏ ਵੱਡੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਮਲੋਟ ਵਿਖੇ 11 ਜੁਲਾਈ ਨੂੰ ਕਿਸਾਨ ਰੈਲੀ ਕਰਵਾਈ ਜਿਸ ਦੌਰਾਨ ਪੰਜਾਬ ਭਰ ਦੇ ਕਿਸਾਨਾਂ ਅਤੇ ਅਕਾਲੀ-ਭਾਜਪਾ ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਰੈਲੀ ਦੌਰਾਨ ਪੰਜਾਬ ਵਾਸੀਆਂ ਨੂੰ ਮੋਦੀ ਕੋਲੋਂ ਕਿਸੇ ਵੱਡੇ ਪੈਕੇਜ ਜਾਂ ਪ੍ਰੋਜੈਕਟ ਦੇ ਐਲਾਨ ਦੀ ਉਮੀਦ ਸੀ। ਪਰ ਪ੍ਰਧਾਨ ਮੰਤਰੀ ਅਜਿਹਾ ਕੋਈ ਵੀ ਐਲਾਨ ਨਹੀਂ ਕਰ ਸਕੇ।

ਮੋਦੀ ਦੀ 9ਵੀਂ ਪੰਜਾਬ ਫੇਰੀ ਤੋਂ ਹਨ ਵੱਡੀਆਂ ਉਮੀਦਾਂ

ਪ੍ਰਧਾਨ ਮੰਤਰੀ ਬਣਨ ਦੇ ਬਾਅਦ ਹੁਣ ਜਦੋਂ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦਾ ਤਕਰੀਬਨ 9ਵਾਂ ਦੌਰਾ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਵੱਖ-ਵੱਖ ਵਰਗ ਪ੍ਰਧਾਨ ਮੰਤਰੀ ਤੋਂ ਕਿਸੇ ਵੱਡੇ ਐਲਾਨ ਦੀ ਆਸ ਕਰ ਰਹੇ ਹਨ। ਇਸ ਤੋਂ ਪਹਿਲਾਂ ਬੇਸ਼ੱਕ ਪ੍ਰਧਾਨ ਮੰਤਰੀ ਨੇ ਗੁ. ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਸਬੰਧੀ, ਸੁਲਤਾਨਪੁਰ ਲੋਧੀ ਵਿਖੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਐਲਾਨਣ ਅਤੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਸਥਾਨਾਂ 'ਤੇ ਜੀ.ਐਸ.ਟੀ ਮੁਆਫ ਕਰਨ ਵਰਗੇ ਵੱਡੇ ਫੈਸਲੇ ਤੇ ਉਪਰਾਲੇ ਕੀਤੇ ਹਨ। ਪਰ ਇਸ ਦੇ ਬਾਵਜੂਦ ਪੰਜਾਬ ਦੇ ਕਈ ਗੰਭੀਰ ਮਾਮਲੇ ਅਣਸੁਲਝੇ ਪਏ ਹੋਏ ਹਨ। ਇਨ੍ਹਾਂ ਵਿਚੋਂ ਮੁੱਖ ਤੌਰ 'ਤੇ ਹੇਠ ਲਿਖੀਆਂ ਮੰਗਾਂ ਤੋਂ ਇਲਾਵਾ ਹੋਰ ਵੀ ਕਈ ਮੁੱਦੇ ਹਨ, ਜਿਨ੍ਹਾਂ ਦੇ ਹੱਲ ਹੋਣ ਸਬੰਧੀ ਪੰਜਾਬ ਵਾਸੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ।