ਨਵਜੰਮੇ ''ਮਾਸੂਮ'' ਨੂੰ ਮਿਲਿਆ ਨਾਂ, ਨਿੱਕੂ ਤੋਂ ਪ੍ਰਾਈਵੇਟ ਵਾਰਡ ''ਚ ਕੀਤਾ ਤਬਦੀਲ

08/19/2017 8:05:04 AM

ਚੰਡੀਗੜ੍ਹ (ਅਰਚਨਾ) - ਮਾਮੇ ਦੇ ਸ਼ੋਸ਼ਣ ਦੀ ਸ਼ਿਕਾਰ ਨਾਬਾਲਿਗਾ ਬੱਚੀ ਦੇ ਨਵਜੰਮੇ 'ਮਾਸੂਮ' ਨੂੰ ਨਾਂ ਮਿਲ ਗਿਆ ਹੈ। ਚਾਈਲਡ ਵੈੱਲਫੇਅਰ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਬੱਚੀ ਦਾ ਨਾਮਕਰਨ ਕਰ ਦਿੱਤਾ ਹੈ। ਨਾਮਕਰਨ ਦੇ ਨਾਲ ਹੀ ਕਮਿਸ਼ਨ ਨੇ ਬੱਚੀ ਦੀ ਦੇਖਭਾਲ ਵੀ ਸ਼ੁਰੂ ਕਰ ਦਿੱਤੀ ਹੈ। ਜਨਮ ਦੇ ਕੁਝ ਮਿੰਟਾਂ ਬਾਅਦ ਹੀ ਬੱਚੀ ਨੂੰ ਸੈਕਟਰ-32 ਹਸਪਤਾਲ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਨਿੱਕੂ) 'ਚ ਰੱਖ ਦਿੱਤਾ ਗਿਆ ਸੀ ਪਰ ਅੱਜ ਬੱਚੀ ਨੂੰ ਨਿੱਕੂ ਤੋਂ ਡਿਸਚਾਰਜ ਕਰਕੇ ਪ੍ਰਾਈਵੇਟ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ। ਉਥੇ ਹੀ ਮਾਸੂਮ ਬੱਚੀ ਦੀ ਨਾਬਾਲਿਗ ਮਾਂ ਨੂੰ ਵੀ ਦੂਜੇ ਪ੍ਰਾਈਵੇਟ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ।
ਡਾਕਟਰਾਂ ਅਨੁਸਾਰ ਮਾਸੂਮ ਬੱਚੀ ਦੇ ਸਰੀਰਕ ਅੰਗਾਂ ਦੀ ਜਾਂਚ ਅਜੇ ਜਾਰੀ ਹੈ। ਡਾਕਟਰ ਬੱਚੀ ਦਾ ਚੈੱਕਅਪ ਕਰ ਰਹੇ ਹਨ ਪਰ ਬੱਚੀ ਦੀ ਦੇਖਭਾਲ ਦੀ ਕਮਾਨ ਕਮਿਸ਼ਨ ਨੂੰ ਸੌਂਪ ਦਿੱਤੀ ਹੈ।
ਕਮਿਸ਼ਨ ਨੇ ਤਿੰਨ ਅਟੈਂਡੈਂਟਾਂ ਨੂੰ ਬੱਚੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਹੈ। ਜਦੋਂ ਤਕ ਬੱਚੀ ਹਸਪਤਾਲ 'ਚ ਰਹੇਗੀ, ਉਦੋਂ ਤਕ ਹਸਪਤਾਲ ਦਾ ਮਿਲਕ ਬੈਂਕ ਬੱਚੀ ਨੂੰ ਦੁੱਧ ਦਿੰਦਾ ਰਹੇਗਾ, ਉਸ ਤੋਂ ਬਾਅਦ ਬੱਚੀ ਨੂੰ ਫਾਰਮੂਲਾ ਮਿਲਕ (ਮਿਲਕ ਪਾਊਡਰ) ਦੇ ਆਸਰੇ ਆਪਣੀ ਭੁੱਖ ਮਿਟਾਉਣੀ ਹੋਵੇਗੀ।
ਸਨੇਹਾਲਿਆ ਭੇਜਿਆ ਜਾਵੇਗਾ ਜਾਂ ਆਸ਼ਰਮ, ਅਜੇ ਫੈਸਲਾ ਨਹੀਂ
ਚਾਈਲਡ ਵੈੱਲਫੇਅਰ ਕਮਿਸ਼ਨ ਨੇ ਹੁਣ ਤਕ ਇਹ ਫੈਸਲਾ ਨਹੀਂ ਲਿਆ ਕਿ ਬੱਚੀ ਨੂੰ ਹਸਪਤਾਲ ਤੋਂ ਬਾਅਦ ਸਨੇਹਾਲਿਆ ਭੇਜਿਆ ਜਾਵੇਗਾ ਜਾਂ ਕਿਸੇ ਆਸ਼ਰਮ ਨੂੰ ਮਾਸੂਮ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਉਥੇ ਹੀ ਬੰਗਾਲ ਤੋਂ ਇਕ ਵਿਅਕਤੀ ਨੇ ਕਮਿਸ਼ਨ ਨੂੰ 2 ਵਾਰ ਫੋਨ 'ਤੇ ਬੱਚੀ ਨੂੰ ਗੋਦ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ ਪਰ ਕਮਿਸ਼ਨ ਨੇ ਬੱਚੀ ਨੂੰ ਵੇਟਿੰਗ ਲਿਸਟ ਅਨੁਸਾਰ ਗੋਦ ਦੇਣ ਦੀ ਗੱਲ ਕੀਤੀ ਹੈ।
ਮਾਂ ਮਾਪਿਆਂ ਦੀ ਦੇਖ-ਰੇਖ 'ਚ, ਮਾਸੂਮ ਨੂੰ ਪਾਲ ਰਹੇ ਅਟੈਂਡੈਂਟਸ
ਚਾਈਲਡ ਵੈੱਲਫੇਅਰ ਕਮਿਸ਼ਨ ਦੇ ਚੇਅਰਮੈਨ ਨੀਲ ਰੋਬਰਟ ਦਾ ਕਹਿਣਾ ਹੈ ਕਿ ਬੱਚੀ ਦੀ ਹਸਪਤਾਲ 'ਚ ਦੇਖਭਾਲ ਲਈ ਕਮਿਸ਼ਨ ਨੇ ਤਿੰਨ ਅਟੈਂਡੈਂਟਸ ਦੀ ਜ਼ਿੰਮੇਵਾਰੀ ਲਾ ਦਿੱਤੀ ਹੈ। ਇਹ ਅਟੈਂਡੈਂਟਸ ਰੋਟੇਸ਼ਨ 'ਚ 24/7 ਰਾਊਂਡ ਦਾ ਕਲਾਕ ਬੱਚੀ ਦੀ ਦੇਖਭਾਲ ਕਰਨਗੇ। ਬੱਚੀ ਨੂੰ ਪ੍ਰੋਟੈਕਸ਼ਨ ਤੇ ਸ਼ੈਲਟਰ ਦੇਣ ਦੀ ਜ਼ਿੰਮੇਵਾਰੀ ਕਮਿਸ਼ਨ ਕੋਲ ਹੀ ਰਹੇਗੀ। ਬੱਚੀ ਨੂੰ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਸਨੇਹਾਲਿਆ ਜਾਂ ਕਿਸੇ ਆਸ਼ਰਮ 'ਚ ਭੇਜਣਾ ਹੈ, ਇਸ ਬਾਬਤ ਹਾਲੇ ਫੈਸਲਾ ਨਹੀਂ ਲਿਆ ਜਾ ਸਕਿਆ।
ਉਧਰ ਜੀ. ਐੱਮ. ਸੀ. ਐੱਚ.-32 ਮੈਡੀਕਲ ਬੋਰਡ ਦੇ ਚੇਅਰਮੈਨ ਡਾ. ਹਰੀਸ਼ ਦਾਸਾਰੀ ਦਾ ਕਹਿਣਾ ਹੈ ਕਿ ਨਵਜੰਮੀ ਬੱਚੀ ਤੇ ਉਸਦੀ ਮਾਂ ਦੋਵਾਂ ਨੂੰ ਵੱਖ-ਵੱਖ ਪ੍ਰਾਈਵੇਟ ਵਾਰਡਾਂ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਦੋਵੇਂ ਤੰਦਰੁਸਤ ਹਨ।
ਸੁਪਰੀਮ ਕੋਰਟ ਨੇ ਪ੍ਰਸ਼ਾਸਨ ਤੋਂ ਬੱਚੀ ਨੂੰ 10 ਲੱਖ ਰੁਪਏ ਦੇਣ ਬਾਬਤ ਮੰਗੀ ਪ੍ਰਤੀਕਿਰਿਆ
ਚੰਡੀਗੜ੍ਹ ਪ੍ਰਸ਼ਾਸਨ ਤੋਂ ਸੁਪਰੀਮ ਕੋਰਟ ਨੇ ਨਾਬਾਲਿਗ ਬੱਚੀ ਨੂੰ 10 ਲੱਖ ਰੁਪਏ ਦੇਣ ਦੇ ਮਾਮਲੇ 'ਚ ਪ੍ਰਤੀਕਿਰਿਆ ਮੰਗੀ ਹੈ। ਮਾਮੇ ਦੇ ਸ਼ੋਸ਼ਣ ਦੀ ਸ਼ਿਕਾਰ ਬੱਚੀ ਦੇ ਮਾਮਲੇ 'ਚ ਅਦਾਲਤ 'ਚ ਇਕ ਪਟੀਸ਼ਨ ਪਾਈ ਗਈ ਹੈ, ਜਿਸ 'ਤੇ ਸੁਣਵਾਈ ਕਰਦਿਆਂ ਜਸਟਿਸ ਮਦਨ ਬੀ. ਲੋਕਰ ਤੇ ਜਸਟਿਸ ਦੀਪਕ ਗੁਪਤਾ ਨੇ ਪੀੜਤ ਬੱਚੀ ਨੂੰ 10 ਲੱਖ ਰੁਪਏ ਦੇਣ 'ਤੇ ਪ੍ਰਤੀਕਿਰਿਆ ਮੰਗੀ ਹੈ। ਪਟੀਸ਼ਨਕਰਤਾ ਨੇ ਅਦਾਲਤ ਨੂੰ ਕਿਹਾ ਹੈ ਕਿ 10 ਲੱਖ 'ਚੋਂ 3 ਲੱਖ ਰੁਪਏ ਤੁਰੰਤ ਦੇ ਦਿੱਤੇ ਜਾਣ, ਜਦੋਂਕਿ ਬਾਕੀ ਦੇ 7 ਲੱਖ ਰੁਪਏ ਪੀੜਤਾ ਦੇ ਬੈਂਕ ਖਾਤੇ 'ਚ ਪਾ ਦਿੱਤੇ ਜਾਣ। ਮਾਮਲੇ 'ਚ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ।