ਨਿਰੋਲ ਸੇਵਾ ਸੰਸਥਾ ਵਲੋਂ ਕੱਢੇ ਜਾ ਰਹੇ ਨਗਰ ਕੀਰਤਨ ਦਾ ਸ੍ਰੀ ਮੁਕਤਸਰ ਸਾਹਿਬ ''ਚ ਭਰਵਾ ਸਵਾਗਤ

02/26/2020 8:49:00 PM

ਸੁਲਤਾਨਪੁਰ ਲੋਧੀ/ਜਲੰਧਰ, (ਜਸਬੀਰ ਵਾਟਾਂਵਾਲੀ/ਰਣਦੀਪ ਸਿੰਘ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ 22 ਫਰਵਰੀ ਤੋਂ 7 ਮਾਰਚ ਤੱਕ ਕੱਢਿਆ ਜਾ ਰਿਹਾ ਹੈ। ਇਹ ਨਗਰ ਕੀਰਤਨ ਅੱਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਧੂਲਕੋਟ ਵਿਖੇ ਪਹੁੰਚਿਆ, ਜਿਥੇ ਵੱਡੀ ਗਿਣਤੀ 'ਚ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਪੰਜ ਪਿਆਰਿਆਂ ਅਤੇ ਪ੍ਰਬੰਧਕ ਡਾ. ਜਗਦੀਪ ਸਿੰਘ ਕਾਲਾ ਸੋਢੀ ਨੂੰ ਸਨਮਾਨਿਤ ਕੀਤਾ ਗਿਆ। ਸ. ਸੋਢੀ ਨੇ ਦੱਸਿਆ ਕਿ ਨਗਰ ਕੀਰਤਨ ਦਾ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ। ਅੱਜ ਪਿੰਡ ਮੱਲਣ, ਧੂਲਕੋਟ, ਬੁੱਟਰ ਸ਼ਰੀਂਹ, ਭਲਾਈਆਣਾ, ਸਾਹਿਬ ਚੰਦ ਵਿਖੇ ਸੰਗਤ ਵਲੋਂ ਸਵਾਗਤ ਕੀਤਾ ਗਿਆ ਤੇ ਥਾਂ-ਥਾਂ ਲੰਗਰ ਲਾਏ ਗਏ। ਵੱਖ-ਵੱਖ ਪਿੰਡਾਂ 'ਚ ਢਾਡੀ ਤੇ ਰਾਗੀ ਜਥਿਆਂ ਨੇ ਵੀ ਇਤਿਹਾਸਕ ਪ੍ਰੋਗਰਾਮ ਪੇਸ਼ ਕੀਤੇ।

ਨਗਰ ਕੀਰਤਨ ਦਾ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਪਿੰਡ ਕੋਟਭਾਈ ਵਿਖੇ ਹੋਵੇਗਾ ਅਤੇ 27 ਫਰਵਰੀ ਨੂੰ ਸਵੇਰੇ 8:30 ਵਜੇ ਇਥੋਂ ਰਵਾਨਾ ਹੋਵੇਗਾ। ਇਥੋਂ ਇਹ ਨਗਰ ਕੀਰਤਨ ਗਿੱਦੜਬਾਹਾ, ਬਾਦਲ, ਕਾਲਝਰਾਣੀ, ਘੁੱਦਾ, ਨਰੂਆਣਾ, ਬਠਿੰਡਾ ਸ਼ਹਿਰ ਆਦਿ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਵਿਖੇ ਕਰੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਇਹ ਨਗਰ ਕੀਰਤਨ ਪਹਿਲੇ ਦਿਨ ਗੁਰਦੁਆਰਾ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਤੋਂ ਸ਼ੁਰੂ ਹੋਇਆ, ਜਦਕਿ 7 ਮਾਰਚ (ਸ਼ਨੀਵਾਰ) ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਸਮਾਪਤ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ,  ਰੂਪਨਗਰ, ਲੁਧਿਆਣਾ, ਨਵਾਂ ਸ਼ਹਿਰ, ਜਲੰਧਰ, ਅੰਮ੍ਰਿਤਸਰ ਗੁਰਦਾਸਪੁਰ ਆਦਿ ਜ਼ਿਲ੍ਹਿਆ 'ਚੋਂ ਬਣੇ ਰੂਟ ਮੁਤਾਬਕ ਹੁੰਦਾ ਹੋਇਆ 7 ਮਾਰਚ ਨੂੰ ਡੇਰਾ ਬਾਬਾ ਨਾਨਕ ਹੋ ਕੇ ਗੁਰਦੁਆਰਾ ਕਰਤਾਰ ਸਾਹਿਬ ਵਿਖੇ ਪਹੁੰਚੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਵੱਡੀ ਬੱਸ 'ਚ ਸੁਸ਼ੋਭਿਤ ਕੀਤਾ ਗਿਆ ਹੈ। ਸਿੱਖ ਇਤਿਹਾਸ ਨਾਲ ਸਬੰਧਿਤ ਚਲਦੀ-ਫਿਰਦੀ ਵੱਡੀ ਪ੍ਰਦਰਸ਼ਨੀ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵੱਡੇ ਮਾਡਲ ਵੀ ਸੰਗਤ ਵਲੋਂ ਵੇਖੇ ਗਏ।