ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਗੋਪੀ ਦੀ ਪਤਨੀ ਪਰਿਵਾਰ ਸਮੇਤ ਆਈ ਸਾਹਮਣੇ, ਪਤੀ ਦੇ ਹੱਕ 'ਚ ਦਿੱਤਾ ਇਹ ਬਿਆਨ

09/23/2017 11:17:42 AM

ਚੌਕ ਮਹਿਤਾ (ਕੈਪਟਨ)- ਨਾਭਾ ਜੇਲ ਬ੍ਰੇਕ ਕਾਂਡ ਨਾਲ ਗੁਰਪ੍ਰੀਤ ਸਿੰਘ ਗੋਪੀ ਘਣਸ਼ਾਮਪੁਰ ਦਾ ਕੋਈ ਸੰਬੰਧ ਨਹੀਂ ਹੈ। ਇਹ ਖੁਲਾਸਾ ਗੋਪੀ ਘਣਸ਼ਾਮਪੁਰ ਦੀ ਪਤਨੀ ਗੁਰਬਿੰਦਰ ਕੌਰ ਨੇ ਪਰਿਵਾਰ ਸਮੇਤ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਤੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਪਤੀ ਗੈਂਗਸਟਰ ਨਹੀਂ ਹੈ, ਨਾਭਾ ਜੇਲ ਬ੍ਰੇਕ ਕਾਂਡ ਨਾਲ ਉਸ ਦੇ ਪਤੀ ਗੁਰਪ੍ਰੀਤ ਸਿੰਘ ਗੋਪੀ ਦਾ ਨਾਂ ਨਾਜਾਇਜ਼ ਤੌਰ 'ਤੇ ਜੋੜਿਆ ਜਾ ਰਿਹਾ ਹੈ, ਜੇਕਰ ਪੰਜਾਬ ਪੁਲਸ ਕੋਲ ਇਸ ਸਬੰਧੀ ਕੋਈ ਪੁਖਤਾ ਸਬੂਤ ਹੈ ਤਾਂ ਜਨਤਕ ਕਰੇ।


ਉਨ੍ਹਾਂ ਪੰਜਾਬ ਪੁਲਸ ਵੱਲੋਂ ਗੋਪੀ ਦੀ ਗ੍ਰਿਫਤਾਰੀ ਸਬੰਧੀ ਪੁਸ਼ਟੀ ਨਾ ਕੀਤੇ ਜਾਣ ਦੇ ਰਵੱਈਏ ਤੋਂ ਡਰ ਮਹਿਸੂਸ ਕਰਦਿਆਂ ਕਿਹਾ ਕਿ ਪੁਲਸ ਗੋਪੀ ਨੂੰ ਕਿਸੇ ਵੀ ਸਮੇਂ ਮਾਰ ਸਕਦੀ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜੇਕਰ ਗੋਪੀ ਘਣਸ਼ਾਮਪੁਰ ਨਾਭਾ ਜੇਲ ਬ੍ਰੇਕ ਕਾਂਡ 'ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦਾ ਜਾਨੀ ਨੁਕਸਾਨ ਕਰਨ ਦੀ ਬਜਾਏ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇ।
ਐੱਸ. ਐੱਸ. ਪੀ. ਪਰਮਪਾਲ ਸਿੰਘ ਜ਼ਿਲਾ ਅੰਮ੍ਰਿਤਸਰ (ਦਿਹਾਤੀ) ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ।