ਭਾਕਿਯੂ : ਰਾਜੇਵਾਲ ਨੇ ਤਹਿਸੀਲ ਕੰਪਲੈਕਸ ਦੇ ਬਾਹਰ ਠੋਕਿਆ ਧਰਨਾ

01/20/2020 3:27:57 PM

ਨਾਭਾ (ਜਗਨਾਰ, ਰਾਹੁਲ ਖੁਰਾਣਾ) - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਅੱਜ ਸਥਾਨਕ ਤਹਿਸੀਲ ਕੰਪਲੈਕਸ ਦੇ ਬਾਹਰ ਬਲਾਕ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ ਦੀ ਅਗਵਾਈ ’ਚ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਗਿਆ। ਇਸ ਧਰਨੇ ’ਚ ਸੂਬਾਈ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਨੇਕ ਸਿੰਘ ਖੋਖ,ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ, ਨਿਰੰਜਨ ਸਿੰਘ ਦੋਹਲਾ, ਦੀਦਾਰ ਸਿੰਘ ਥੂਹੀ, ਅਵਤਾਰ ਸਿੰਘ ਪੇਧਨ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਮੂਲੀਅਤ ਕਰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨੀ ਮੰਗਾਂ ਨੂੰ ਅਣਦੇਖਾ ਕਰ ਰਹੀ ਹੈ। ਆਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਨੇ ਕਿਸਾਨਾਂ ਦੀ ਨੀਂਦ ਹਰਾਮ ਕਰਕੇ ਰੱਖੀ ਹੋਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।  

ਉਨ੍ਹਾਂ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ’ਚ ਆਪਸੀ ਨਹੁੰ ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਕੇਂਦਰ ਸਰਕਾਰ ਤੋੜਨ ਜਾ ਰਹੀ ਹੈ। ਮੰਡੀਕਰਨ ਦੇ ਸੋਧ ਨੂੰ ਸਰਕਾਰ ਪ੍ਰਾਈਵੇਟ ਹੱਥਾਂ ’ਚ ਸੌਂਪਣ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਦਾ ਰਿਸ਼ਤਾ ਬਿਲਕੁਲ ਖਤਮ ਹੋ ਜਾਵੇਗਾ। ਇਸ ਗੱਲ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਹਜ਼ਾਰਾਂ ਕਿਸਾਨਾਂ ਵਲੋਂ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਨੂੰ ਹਰਦੀਪ ਸਿੰਘ ਘਨੁੜਕੀ, ਲਾਭ ਸਿੰਘ ਦਿੱਤੂਪੁਰ, ਅੱਛਰਾ ਸਿੰਘ, ਗੁਰਮੇਲ ਸਿੰਘ ਪੂਨੀਆ ਆਦਿ ਲੋਕਾਂ ਨੇ ਸੰਬੋਧਨ ਕੀਤਾ। 

rajwinder kaur

This news is Content Editor rajwinder kaur