ਗੋਲੀਆਂ ਚਲਾਉਣ ਵਾਲਾ ਐੱਨ. ਆਰ. ਆਈ. ਸਾਥੀ ਸਮੇਤ ਗ੍ਰਿਫਤਾਰ

11/12/2017 3:02:55 AM

ਗੁਰਾਇਆ,   (ਮੁਨੀਸ਼)-  3 ਵਿਅਕਤੀਆਂ ਨੂੰ ਗੋਲੀਆਂ ਚਲਾ ਕੇ ਜ਼ਖਮੀ ਕਰਨ ਵਾਲੇ ਐੱਨ. ਆਰ. ਆਈ. ਨੂੰ ਸਾਥੀ ਸਮੇਤ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਐੱਸ. ਐੱਚ. ਓ. ਗੁਰਾਇਆ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੁਰਾਇਆ ਪੁਲਸ ਨੇ ਦੋਸ਼ੀ ਸੁਖਦੀਪ ਸਿੰਘ ਪੁੱਤਰ ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਸਤਨਾਮ ਸਿੰਘ, ਪ੍ਰਭਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਤਿੰਨੋਂ ਵਾਸੀ ਪੱਦੀ ਖਾਲਸਾ ਖਿਲਾਫ਼ ਥਾਣਾ ਗੁਰਾਇਆ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ 'ਚ ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਨੇ ਪਿਸਤੌਲ, ਟਰੈਕਟਰ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ, ਜਦਕਿ ਪ੍ਰਭਦੀਪ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਪਿੰਡ ਪੱਦੀ ਖਾਲਸਾ ਵਿਖੇ ਐੱਨ. ਆਰ. ਆਈ. ਸੁਖਦੀਪ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਤਿੰਨ ਲੋਕਾਂ ਨੂੰ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਉਨ੍ਹਾਂ 'ਚੋਂ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜੋ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਹੈ, ਜਦਕਿ ਦੋ ਜਣਿਆਂ ਨੂੰ ਫਗਵਾੜਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਸੀ।