ਐੱਨ. ਐੱਚ. ਐੱਮ. ਮੁਲਾਜ਼ਮਾਂ ਨੇ ਕਾਲੇ ਰਿਬਨ ਬੰਨ੍ਹ ਕੇ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ

03/10/2018 2:53:41 AM

ਕਪੂਰਥਲਾ, (ਜ. ਬ)- ਬੀਤੇ ਦਿਨੀਂ ਐੱਨ. ਐੱਚ. ਮੁਲਾਜ਼ਮਾਂ ਨੇ ਦਫਤਰੀ ਕੰਮਕਾਜ ਸਮੇਂ ਕਾਲੇ ਰਿਬਨ ਬੰਨ੍ਹ ਕੇ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ। ਮੁਲਾਜ਼ਮਾਂ ਨੇ ਕਿਹਾ ਕਿ ਉਹ ਪਿਛਲੇ 18 ਸਾਲਾਂ ਤੋਂ ਸਿਹਤ ਵਿਭਾਗ ਵਿਚ ਬਹੁਤ ਹੀ ਘੱਟ ਤਨਖਾਹਾਂ ਤੇ ਠੇਕੇ 'ਤੇ ਨੌਕਰੀ ਕਰ ਰਹੇ ਹਨ। ਇੰਨੀ ਘੱਟ ਤਨਖਾਹ ਨਾਲ ਅੱਜ ਦੇ ਮਹਿੰਗਾਈ ਸਮੇਂ ਵਿਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। 
ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਐਕਟ ਬਣਾਇਆ ਸੀ ਪਰ ਮੌਜੂਦਾ ਸਰਕਾਰ ਉਸ ਐਕਟ ਨੂੰ ਲਾਗੂ ਨਹੀਂ ਕਰ ਰਹੀ। 
ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਸਮੂਹ ਐੱਨ. ਐੱਚ. ਐੱਮ. ਮੁਲਾਜ਼ਮਾਂ ਨੂੰ ਪੇ ਸਕੇਲ ਲਾ ਦਿੱਤੇ ਹਨ। ਸਿਹਤ ਮੰਤਰੀ ਸ੍ਰੀ ਬ੍ਰਹਮਮਹਿੰਦਰਾ ਜੀ ਨੇ ਹਰਿਆਣਾ ਸਰਕਾਰ ਦਾ ਸਰਵਿਸ ਬਾਇਲਾਅਜ਼ ਲਾਗੂ ਕਰਨ ਦਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ, ਜੋ ਅਜੇ ਤਕ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਨੂੰ ਐੱਨ. ਐੱਚ. ਐੱਮ. ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਕੇਂਦਰ ਸਰਕਾਰ ਨੇ ਪੱਤਰ ਵਿਚ ਸਾਫ ਕਿਹਾ ਹੈ ਕਿ ਸਿਹਤ ਵਿਭਾਗ ਦਾ ਵਿਸ਼ਾ ਰਾਜ ਸਰਕਾਰ ਨਾਲ ਸਬੰਧਤ ਹੈ। ਇਸ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣਾ, ਪੇ ਸਕੇਲ ਲਗਾਉਣਾ, ਰੈਗੂਲਰ ਕਰਨਾ ਆਦਿ ਰਾਜ ਸਰਕਾਰ ਹੀ ਕਰ ਸਕਦੀ ਹੈ।  ਮੁਲਾਜ਼ਮਾਂ ਦੀ ਮੰਗ ਹੈ ਕਿ ਸਿਹਤ ਵਿਭਾਗ 'ਚ ਐੱਨ. ਐੱਚ. ਐੱਮ. ਮੁਲਾਜ਼ਮਾਂ ਦਾ ਇਲਾਜ ਮੁਫ਼ਤ ਕੀਤਾ ਜਾਵੇ, ਸਰਕਾਰੀ ਕੁਆਰਟਰਾਂ ਦੀ ਸਹੂਲਤ, ਬੀਮਾ ਸਹੂਲਤ ਦਿੱਤੀ ਜਾਵੇ। ਮੌਜੂਦਾ ਦਿੱਤੀ ਜਾ ਰਹੀ ਤਨਖ਼ਾਹ ਵਿਚ ਵੱਡਾ ਵਾਧਾ ਦਿੱਤਾ ਜਾਵੇ। ਸਾਲ 2011 ਤੇ 2015 ਵਿਚ ਹੜਤਾਲ ਦੇ ਦਿਨਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਆਦਿ। 
ਇਸ ਮੌਕੇ ਪੰਕਜ ਮੜੀਆ, ਅਵਤਾਰ ਸਿੰਘ ਗਿੱਲ, ਪ੍ਰਿਅੰਕਾ ਸ਼ਰਮਾ, ਦੀਪਕ, ਰਣਬੀਰ, ਰਾਜਬੀਰ ਕੌਰ, ਪੰਕਜ ਵਾਲੀਆ, ਸੰਤੋਸ਼, ਰਮਿੰਦਰ ਕੌਰ, ਕੁਲਜੀਤ, ਮੁਨੀਸ਼, ਅਵਨੀਸ਼, ਰਜਨੀ ਆਦਿ ਹਾਜ਼ਰ ਸਨ।