ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ''ਚ ਬਣੇ ਮਿਊਜ਼ੀਅਮ ਦੇ ਮੁਲਾਜ਼ਮਾਂਂ ਨੇ ਤਨਖਾਹ ਨਾ ਮਿਲਣ ''ਤੇ ਲਾਇਆ ਧਰਨਾ

07/11/2019 8:11:53 PM

ਅੰਮ੍ਰਿਤਸਰ (ਜ. ਬ.)-ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ 'ਚ ਟੂਰਿਜ਼ਮ ਵਿਭਾਗ ਵੱਲੋਂ ਬਣਾਏ ਗਏ ਮਿਊਜ਼ੀਅਮ ਜਿਸ ਦਾ ਕੰਟਰੈਕਟ ਬੀ. ਬੀ. ਜੀ. ਗਰੁੱਪ (ਭਾਰਤੀਆ ਵਿਕਾਸ ਕੰਪਨੀ) ਨੂੰ ਦੇ ਰੱਖਿਆ ਹੈ, ਵਿਚ ਕੰਮ ਕਰ ਰਹੇ 120 ਦੇ ਕਰੀਬ ਮੁਲਾਜ਼ਮ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਗਲਿਆਰੇ ਦੇ ਬਾਹਰ ਸ਼ਨੀ ਮੰਦਰ ਕੋਲ ਧਰਨੇ 'ਤੇ ਬੈਠ ਗਏ ਹਨ। ਧਰਨੇ 'ਤੇ ਬੈਠਿਆਂ ਅਜੇ ਕੁਝ ਸਮਾਂ ਹੀ ਹੋਇਆ ਸੀ ਕਿ ਟੂਰਿਜ਼ਮ ਵਿਭਾਗ ਦੇ ਜੀ. ਐੱਮ. ਨੇ ਉਨ੍ਹਾਂ ਦਾ ਧਰਨਾ ਉਠਵਾ ਕੇ ਗੱਲਬਾਤ ਲਈ ਮਿਊਜ਼ੀਅਮ 'ਚ ਬੁਲਵਾ ਲਿਆ। ਪ੍ਰੈੱਸ ਨੇ ਅੰਦਰ ਜਾ ਕੇ ਧਰਨਾਕਾਰੀ ਮੁਲਾਜ਼ਮਾਂ ਦੀ ਜਦ ਤਸਵੀਰ ਖਿੱਚਣੀ ਚਾਹੀ ਤਾਂ ਉਨ੍ਹਾਂ ਤਸਵੀਰ ਖਿੱਚਣ ਨਹੀਂ ਦਿੱਤੀ ਅਤੇ ਬਾਹਰ ਜਾਣ ਲਈ ਆਖ ਦਿੱਤਾ, ਜਿਸ 'ਤੇ ਕੁਝ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰ ਇਸ ਦਾ ਵਿਰੋਧ ਕਰਦੇ ਹੋਏ ਵਾਪਸ ਵੀ ਚਲੇ ਗਏ।

ਗੱਲਬਾਤ ਖਤਮ ਹੋਣ ਉਪਰੰਤ ਜਦ ਧਰਨਾਕਾਰੀ ਕਰਮਚਾਰੀ ਬਾਹਰ ਕਮਰੇ 'ਚ ਆਏ ਤਾਂ ਇਕ ਸਕਿਓਰਿਟੀ ਗਾਰਡ ਨੇ ਤਸਵੀਰ ਖਿੱਚ ਰਹੇ ਪੱਤਰਕਾਰ ਨਾਲ ਬਹਿਸ ਕਰਦਿਆਂ ਉਸ ਦਾ ਹੱਥ ਪਰ੍ਹੇ ਖਿੱਚ ਦਿੱਤਾ ਅਤੇ ਧਰਨਾਕਾਰੀਆਂ ਨੂੰ ਵੀ ਤਸਵੀਰ ਖਿਚਵਾਉਣ ਤੋਂ ਵਰਜਦਿਆਂ ਕਿਹਾ ਕਿ ਇਹ ਤਸਵੀਰ ਖਿਚਵਾਉਣਾ ਹੀ ਨਹੀਂ ਚਾਹੁੰਦੇ। ਇਸ ਤੋਂ ਗਾਰਡ ਦੇ ਦਬਾਅ ਵਿਚ ਆ ਕੇ ਧਰਨਾਕਾਰੀ ਇਧਰ-ਉਧਰ ਖਿਸਕਦੇ ਦਿਸੇ ਪਰ ਕੁਝ ਇਕਾ-ਦੁੱਕਾ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਕੰਪਨੀ ਵੱਲੋਂ ਤਨਖਾਹ ਨਹੀਂ ਮਿਲੀ, ਵਾਰ-ਵਾਰ ਬੇਨਤੀਆਂ ਕਰਨ 'ਤੇ ਵੀ ਉੱਚ ਅਧਿਕਾਰੀਆਂ ਅਤੇ ਬੀ. ਬੀ. ਜੀ. ਕੰਪਨੀ ਦੇ ਠੇਕੇਦਾਰਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਇਸ ਨਾਲ ਸਾਡੇ ਘਰਾਂ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ ਹੈ।

ਦਫ਼ਤਰ 'ਚ ਬੈਠੇ ਕੁਝ ਕਰਮਚਾਰੀਆਂ ਨੂੰ ਜਦ ਇਹ ਪੁੱਛਿਆ ਗਿਆ ਕਿ ਤੁਸੀਂ ਹੜਤਾਲ ਵਿਚ ਸ਼ਾਮਿਲ ਕਿਉਂ ਨਹੀਂ ਹੋਏ ਤਾਂ ਉਨ੍ਹਾਂ ਕਿਹਾ ਕਿ ਸਾਡੀ ਮਜਬੂਰੀ ਹੈ। ਇਸ ਉਪਰੰਤ ਜਦ ਦੁਬਾਰਾ ਪ੍ਰੈੱਸ ਨੇ ਜੀ. ਐੱਮ. ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫਿਰ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਦਾ ਜਵਾਬ ਤੁਸੀਂ ਬਾਅਦ ਵਿਚ ਕੰਪਨੀ ਦੇ ਪ੍ਰਾਜੈਕਟ ਇੰਜੀਨੀਅਰ ਕੋਲੋਂ ਲੈ ਲੈਣਾ, ਅਜੇ ਦਿਨ ਚੜ੍ਹਿਆ ਹੀ ਹੈ, ਕਾਫੀ ਸਮਾਂ ਪਿਆ ਹੈ। ਇਸ ਦੌਰਾਨ ਸੰਗਤਾਂ ਬੰਦ ਪਏ ਮਿਊਜ਼ੀਅਮ ਨੂੰ ਦੇਖ ਕੇ ਵਾਪਸ ਮੁੜਦੀਆਂ ਰਹੀਆਂ ਪਰ ਬਾਅਦ ਦੁਪਹਿਰ ਸਮਝੌਤਾ ਹੋ ਜਾਣ ਕਾਰਨ ਮਿਊਜ਼ੀਅਮ ਖੋਲ੍ਹ ਦਿੱਤਾ ਗਿਆ।

ਬਹੁਤ ਜਲਦ ਮਿਲ ਜਾਵੇਗੀ ਮੁਲਾਜ਼ਮਾਂ ਨੂੰ ਤਨਖਾਹ
ਕੁਝ ਸਮੇਂ ਬਾਅਦ ਜਦ ਪ੍ਰਾਜੈਕਟ ਇੰਜੀਨੀਅਰ ਤਲਵਿੰਦਰ ਸਿੰਘ, ਪ੍ਰਾਜੈਕਟ ਮੈਨੇਜਰ ਸਿਮਰਜੋਤ ਸਿੰਘ ਅਤੇ ਸਕਿਓਰਿਟੀ ਅਫ਼ਸਰ ਹਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁਲਾਜ਼ਮਾਂ ਨਾਲ ਸਮਝੌਤਾ ਹੋ ਚੁੱਕਾ ਹੈ, ਤਨਖਾਹ 3 ਮਹੀਨਿਆਂ ਦੀ ਨਹੀਂ ਬਲਕਿ ਇਕ ਮਹੀਨੇ ਜੁਲਾਈ ਦੀ ਹੈ। ਕੇਂਦਰ ਸਰਕਾਰ ਵੱਲੋਂ ਫੰਡ ਨਾ ਆਉਣ ਕਾਰਨ ਇਸ ਤਰ੍ਹਾਂ ਹੋਇਆ ਹੈ। ਜੀ. ਐੱਮ. ਨੇ ਟੂਰਿਜ਼ਮ ਡਾਇਰੈਕਟਰ ਅਤੇ ਸਕੱਤਰ 'ਤੇ ਦਬਾਅ ਪਾਇਆ ਹੈ, ਕੁਝ ਹੀ ਦਿਨਾਂ 'ਚ ਮੁਲਾਜ਼ਮਾਂ ਨੂੰ ਤਨਖਾਹ ਦੇ ਦਿੱਤੀ ਜਾਵੇਗੀ ਅਤੇ ਦੂਸਰੇ ਮਹੀਨੇ ਦੀ ਤਨਖਾਹ ਵੀ ਫੰਡ ਆਉਣ 'ਤੇ 30 ਜੁਲਾਈ ਤੱਕ ਕਲੀਅਰ ਕਰ ਦਿੱਤੀ ਜਾਵੇਗੀ।

Karan Kumar

This news is Content Editor Karan Kumar