ਲਿਵ ਇਨ ਰਿਲੇਸ਼ਨਸ਼ਿਪ ''ਚ ਰਹਿਣਾ ਮਾਂ ਨੂੰ ਪਿਆ ਮਹਿੰਗਾ, ਮੰਜ਼ਰ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ (ਤਸਵੀਰਾਂ)

08/22/2017 8:04:49 PM

ਸਾਹਨੇਵਾਲ (ਜ.ਬ.)-ਆਪਣੇ ਦੋ ਛੋਟੇ-ਛੋਟੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਨਸ਼ੇੜੀ ਪਤੀ ਨਾਲੋਂ ਵੱਖ ਹੋ ਕੇ ਦੂਜੇ ਵਿਅਕਤੀ ਨਾਲ ਪਤੀ-ਪਤਨੀ ਦੇ ਰੂਪ 'ਚ ਰਹਿਣਾ ਇਕ ਬਦਕਿਸਮਤ ਮਾਂ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਦੂਜੇ ਸਨਕੀ ਪਤੀ ਨੇ ਆਪਣੇ ਮਤਰੇਏ ਪੁੱਤ ਨੂੰ ਅਗਵਾ ਕਰ ਕੇ ਉਸ ਦੀ ਕਥਿਤ ਹੱਤਿਆ ਕਰ ਦਿੱਤੀ, ਜਿਸ ਦੇ ਬਾਅਦ ਥਾਣਾ ਕੂੰਮਕਲਾਂ ਦੀ ਪੁਲਸ ਨੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਥਿਤ ਦੋਸ਼ੀ ਨੂੰ ਫੜਨ ਲਈ ਜਾਲ ਵਿਛਾਉਂਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਾਬੂ ਕਰ ਲਿਆ। 


ਇਸ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-4 ਜਸਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਮਾਨਗੜ੍ਹ ਵਿਖੇ ਕਿਰਾਏ ਦੇ ਮਕਾਨ 'ਚ ਰਹਿਣ ਵਾਲੀ ਸਰਬਜੀਤ ਕੌਰ ਨਾਮਕ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 9 ਸਾਲ ਪਹਿਲਾਂ ਫਿਰੋਜ਼ਪਰ ਜ਼ਿਲੇ ਦੇ ਪਿੰਡ ਲੱਖੋਕੇ ਬਹਿਰਾਮ ਦੇ ਰਹਿਣ ਵਾਲੇ ਰਣਜੀਤ ਸਿੰਘ ਨਾਮਕ ਵਿਅਕਤੀ ਨਾਲ ਹੋਇਆ ਸੀ, ਜਿਸ ਦੇ ਬਾਅਦ ਉਹ ਮਾਨਗੜ੍ਹ ਵਿਖੇ ਕਿਰਾਏ ਦੇ ਮਕਾਨ 'ਚ ਰਹਿਣ ਲੱਗੇ। ਉਸ ਦੇ ਦੋ ਬੱਚੇ 8 ਸਾਲਾ ਲੜਕਾ ਅਤੇ ਸਾਢੇ 6 ਸਾਲਾ ਲੜਕੀ ਸੀ। ਜ਼ਿਆਦਾ ਨਸ਼ਾ ਕਰਨ ਕਰ ਕੇ ਉਹ ਆਪਣੇ ਪਤੀ ਨਾਲੋਂ ਅਲੱਗ ਹੋ ਕੇ ਬਰਨਾਲਾ ਦੇ ਦੱਧਾਹੂਰ ਇਲਾਕੇ ਦੀ ਗੋਬਿੰਦ ਕਾਲੋਨੀ ਨਿਵਾਸੀ ਕਮਲਪ੍ਰੀਤ ਸਿੰਘ ਕਾਕੂ ਪੁੱਤਰ ਰਮੇਸ਼ ਕੁਮਾਰ ਨਾਲ ਬਤੌਰ ਪਤੀ-ਪਤਨੀ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਰਹਿਣ ਲੱਗੀ ਪਰ ਇਸ ਦੇ ਲਗਭਗ 6 ਮਹੀਨੇ ਦੇ ਅੰਦਰ ਹੀ ਕਾਕੂ ਉਸ ਦੇ ਬੱਚਿਆਂ ਨਾਲ ਕਥਿਤ ਕੁੱਟਮਾਰ ਕਰਨ ਲੱਗਾ, ਜਿਸ ਕਾਰਨ ਉਹ ਕਾਕੂ ਨਾਲੋਂ ਵੀ ਵੱਖ ਹੋ ਕੇ ਆਪਣਾ ਕਮਰਾ ਕਿਰਾਏ 'ਤੇ ਲੈ ਕੇ ਰਹਿਣ ਲੱਗੀ, ਜਿਸ ਨੇ ਆਪਣੇ ਬੱਚਿਆਂ ਨੂੰ ਮਾਨਗੜ੍ਹ ਦੇ ਇਕ ਸਕੂਲ 'ਚ ਦਾਖਲ ਕਰਵਾ ਦਿੱਤਾ, ਜਦਕਿ ਕਾਕੂ ਆਪਣਾ ਕਮਰਾ ਛੱਡ ਕੇ ਵਾਪਸ ਬਰਨਾਲੇ ਚਲਾ ਗਿਆ ਪਰ ਬੀਤੀ 18 ਅਗਸਤ ਨੂੰ ਕਾਕੂ ਨੇ ਸ਼ਾਮ ਕਰੀਬ ਸਾਢੇ 5 ਵਜੇ ਫੋਨ ਕਰ ਕੇ ਦੱਸਿਆ ਕਿ ਮੈਂ ਤੇਰੇ ਲੜਕੇ ਸੁਖਦੀਪ ਨੂੰ ਅਗਵਾ ਕਰ ਲਿਆ ਹੈ। ਤੂੰ ਮੇਰੇ ਨਾਲ ਨਹੀਂ ਰਹੀ, ਹੁਣ ਮੈਂ ਇਸ ਨੂੰ ਮਾਰ ਦੇਣਾ ਹੈ। ਜਦੋਂ ਉਹ ਫੈਕਟਰੀ ਤੋਂ ਛੁੱਟੀ ਲੈ ਕੇ ਆਪਣੇ ਕਮਰੇ 'ਚ ਪਹੁੰਚੀ ਤਾਂ ਉਸ ਦਾ ਲੜਕਾ ਸੁਖਦੀਪ ਕਮਰੇ 'ਚ ਨਹੀਂ ਸੀ, ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕਾਕੂ ਉਸ ਦੇ ਕੁਆਰਟਰ ਦੇ ਆਸ-ਪਾਸ ਘੁੰਮ ਰਿਹਾ ਸੀ। ਜੋ ਦੁਪਹਿਰ ਕਰੀਬ 2 ਵਜੇ ਸੁਖਦੀਪ ਨੂੰ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਲੈ ਕੇ ਕਿਧਰੇ ਚਲਾ ਗਿਆ। 


ਏ. ਡੀ. ਸੀ. ਪੀ. ਸ਼੍ਰੀ ਸਿੱਧੂ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਉਨ੍ਹਾਂ ਤੁਰੰਤ ਏ. ਸੀ. ਪੀ. ਸਾਹਨੇਵਾਲ ਹਰਕੰਵਲ ਕੌਰ ਦੀ ਅਗਵਾਈ 'ਚ ਥਾਣਾ ਮੁਖੀ ਹਰਜਿੰਦਰ ਸਿੰਘ ਦੀ ਇਕ ਪੁਲਸ ਟੀਮ ਗਠਿਤ ਕੀਤੀ, ਜਿਸ ਨੇ ਦੋਸ਼ੀ ਕਮਲਪ੍ਰੀਤ ਕਾਕੂ ਦਾ ਪਤਾ ਲਾਉਂਦੇ ਹੋਏ ਊਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਾਬੂ ਕਰ ਲਿਆ, ਜਿਸ ਨੇ ਮੰਨਿਆ ਕਿ ਉਸ ਨੇ ਸੁਖਦੀਪ ਨੂੰ ਅਗਵਾ ਕਰਨ ਦੇ ਬਾਅਦ ਉਸ ਨੂੰ ਸਰਹਿੰਦ ਨਹਿਰ 'ਤੇ ਲਿਜਾ ਕੇ ਉਥੇ ਲੱਗੇ ਦਰੱਖਤਾਂ ਅਤੇ ਝਾੜੀਆਂ ਦੇ ਓਹਲੇ ਕਥਿਤ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲ ਵੱਢ ਕੇ ਹੱਤਿਆ ਕਰ ਦਿੱਤੀ। ਏ. ਡੀ. ਸੀ. ਪੀ. ਸ਼੍ਰੀ ਸਿੱਧੂ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਕਮਲਪ੍ਰੀਤ ਕਾਕੂ ਦੀ ਨਿਸ਼ਾਨਦੇਹੀ 'ਤੇ ਸੁਖਦੀਪ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ, ਜਦਕਿ ਦੋਸ਼ੀ ਨੂੰ ਪੁਲਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਹੈ, ਜਿਸ ਦੇ ਖਿਲਾਫ ਹੱਤਿਆ ਅਤੇ ਅਗਵਾ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।