ਰੇਪ ਤੇ ਕਤਲ ਦੇ ਮਾਮਲੇ ''ਚ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ''ਚ, ਪੀੜਤ ਪਰਿਵਾਰ ਨੂੰ ਧਮਕਾਉਣ ਦੇ ਲੱਗੇ ਦੋਸ਼

06/29/2017 1:00:44 PM

ਮੋਹਾਲੀ (ਮਨਮੋਹਨ ਸਿੰਘ)— ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ। ਅਸਲ 'ਚ ਇਸ ਵਾਰ ਮੋਹਾਲੀ ਪੁਲਸ 'ਤੇ ਰੇਪ ਤੇ ਕਤਲ ਦੇ ਇਕ ਮਾਮਲੇ 'ਚ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਲਗੇ ਹਨ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੰਜਾਬ ਐੱਸ. ਸੀ. ਕਮਿਸ਼ਨ ਨੇ ਸਬੰਧਿਤ ਡੀ. ਐੱਸ. ਪੀ. ਨੂੰ ਨੋਟਿਸ ਭੇਜ ਕੇ ਮਾਮਲੇ ਨਾਲ ਜੁੜੇ ਰਿਕਾਰਡ ਦੇ ਨਾਲ ਤਲਬ ਕੀਤਾ ਹੈ। ਹੁਣ ਇਸ ਮਾਮਲੇ 'ਚ 6 ਜੁਲਾਈ ਨੂੰ ਸੁਣਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਮੋਹਾਲੀ ਜ਼ਿਲੇ 'ਚ ਪੈਂਦੇ ਪਿੰਡ ਪੱਤੋ ਦਾ ਹੈ, ਜਿਥੇ ਕਰੀਬ 3 ਮਹੀਨੇ ਪਹਿਲਾਂ ਇਕ 17 ਸਾਲਾ ਲੜਕੀ ਦੇ ਨਾਲ ਰੇਪ ਤੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਦਾ ਦੋਸ਼ ਪਿੰਡ ਦੇ ਹੀ ਚਾਰ ਨੌਜਵਾਨਾਂ 'ਤੇ ਲੱਗਾ ਹੈ। ਹਾਲਾਂਕਿ ਪੁਲਸ ਨੇ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਤਾਂ ਕੀਤਾ ਪਰ ਉਸ ਨੂੰ ਕੁਝ ਦੇਰ ਬਾਅਦ ਛੱਡ ਦਿੱਤਾ ਗਿਆ। ਉਥੇ ਹੀ ਪੀੜਤ ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਦੋਸ਼ੀ ਪੱਖ ਤੇ ਪੁਲਸ ਉਨ੍ਹਾਂ 'ਤੇ ਲਗਾਤਾਰ ਸ਼ਿਕਾਇਤ ਵਾਪਸ ਲੈਣ ਦਾ ਵੀ ਦਬਾਅ ਬਣਾ ਰਹੀ ਹੈ ਤੇ ਪੀੜਤ ਪਰਿਵਾਰ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। 
ਹੁਣ ਪੀੜਤ ਪਰਿਵਾਰ ਨੇ ਪੰਜਾਬ ਐੱਸ. ਸੀ. ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਨਿਆ ਦੀ ਮੰਗ ਕੀਤੀ ਹੈ। ਪੰਜਾਬ ਐੱਸ. ਸੀ. ਕਮਿਸ਼ਨ ਨੇ ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸਬੰਧਿਤ ਡੀ. ਐੱਸ.ਪੀ. ਨੂੰ ਨੋਟਿਸ ਭੇਜ ਕੇ ਰਿਕੋਰਟ ਦੇ ਨਾਲ 6 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।