ਜਲੰਧਰ ''ਚ ਤੀਹਰੇ ਕਤਲਕਾਂਡ ਦਾ ਖੁੱਲ੍ਹਿਆ ਰਾਜ਼, ਪੁੱਤ ਨੇ ਹੀ ਲਗਵਾ ਦਿੱਤੇ ਲਾਸ਼ਾਂ ਦੇ ਢੇਰ (ਵੀਡੀਓ)

02/24/2017 11:51:45 PM

ਜਲੰਧਰ— ਸ਼ਹਿਰ ਦੀ ਪਾਸ਼ ਕਾਲੋਨੀ ਲਾਜਪਤ ਨਗਰ ''ਚ ਵੀਰਵਾਰ ਦੀ ਸ਼ਾਮ ਨੂੰ ਪੈਟਰੋਲ ਪੰਪ ਮਾਲਕ ਜਗਦੀਸ਼ ਸਿੰਘ ਲੂੰਬਾ ਦੀ ਪਤਨੀ, ਨੂੰਹ ਅਤੇ ਨੂੰਹ ਦੀ ਸਹੇਲੀ ਦੇ ਕਤਲਕਾਂਡ ਦਾ ਰਾਜ ਖੁੱਲ੍ਹ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਗਦੀਸ਼ ਸਿੰਘ ਲੂੰਬਾ ਦੇ ਬੇਟੇ ਅਮਰਿੰਦਰ ਨੇ ਹੀ ਇਹ ਕਤਲਕਾਂਡ ਕਰਵਾਇਆ ਹੈ। ਦੱਸਣਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਜਗਦੀਸ਼ ਸਿੰਘ ਲੂੰਬਾ ਦੀ ਪਤਨੀ ਦਲਜੀਤ ਕੌਰ, ਨੂੰਹ ਪਰਮਜੀਤ ਕੌਰ ਅਤੇ ਫੈਮਲੀ ਫ੍ਰੈਂਡ ਖੁਸ਼ਵਿੰਦਰ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ''ਚ ਮ੍ਰਿਤਕ ਪਰਮਜੀਤ ਕੌਰ ਦੇ ਪਤੀ ਅਤੇ ਵਪਾਰੀ ਜਗਦੀਸ਼ ਸਿੰਘ ਲੂੰਬਾ ਦੇ ਪੁੱਤਰ ਅਮਰਿੰਦਰ ਅਤੇ ਦੋਸ਼ੀ ਦੇ ਇਕ ਦੋਸਤ ਨੂੰ ਵੀ ਹਿਰਾਸਤ ''ਚ ਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਪੁੱਤਰ ਨੇ ਹੀ ਕਤਲ ਕਰਵਾਏ ਹਨ।

ਜਾਂਚ ਦੌਰਾਨ ਵੱਖ-ਵੱਖ ਤਰਕ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਅਮਰਿੰਦਰ ਦਾ ਚਰਿੱਤਰ ਠੀਕ ਨਹੀਂ। ਹਾਲਾਂਕਿ, ਅਮਰਿੰਦਰ ਹੋਰ ਔਰਤਾਂ ਨਾਲ ਵੀ ਸਬੰਧ ਰੱਖਦਾ ਹੈ। ਇਹ ਗੱਲ ਘਰਵਾਲਿਆਂ ਨੂੰ ਵੀ ਪਤਾ ਸੀ। ਇਸੇ ਅਧਾਰ ''ਤੇ ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਜਮਸ਼ੇਰ ਪਿੰਡ ਦੀ ਲੜਕੀ ਰੂਬੀ ਦਾ ਨਾਂ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਸ ਨੇ ਰੂਬੀ ਅਤੇ ਅਮਰਿੰਦਰ ਦੋਵਾਂ ਨੂੰ ਹਿਰਾਸਤ ''ਚ ਲੈ ਲਿਆ ਹੈ। ਜਾਂਚ ''ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ 15 ਲੱਖ ਦੀ ਸੁਪਾਰੀ ਦਿੱਤੀ ਗਈ ਪਰ ਮਾਮਲਾ 8 ਲੱਖ ''ਚ ਸੈਟਲ ਹੋ ਗਿਆ। ਇਹ ਗੱਲਾਂ ਰੂਬੀ ਨੇ ਪੁਲਸ ਨੂੰ ਦੱਸੀਆਂ ਹਨ। ਹਾਲਾਂਕਿ, ਹੁਣ ਤੱਕ ਸੁਪਾਰੀ ਕਿਲਰ ਗ੍ਰਿਫਤ ਤੋਂ ਬਾਹਰ ਹੈ।