ਰੂਪਨਗਰ ''ਚ 24 ਘੰਟਿਆਂ ਦੌਰਾਨ ਦੂਜਾ ਕਤਲ, ਡੇਰੇ ''ਚ ਰਹਿੰਦੇ ਮਹੰਤ ਨੂੰ ਉਤਾਰਿਆ ਮੌਤ ਦੇ ਘਾਟ

05/17/2020 8:16:17 PM

ਰੂਪਨਗਰ (ਸੱਜਣ ਸਿੰਘ ਸੈਣ) : ਰੂਪਨਗਰ ਬਾਰਡਰ ਦੇ ਨਾਲ ਲੱਗਦੇ ਨਵਾਂਸ਼ਹਿਰ ਇਲਾਕੇ ਦੇ ਇਕ ਡੇਰੇ ਦੇ ਮਹੰਤ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਆਸਰੋਂ ਪੁਲਸ ਚੌਕੀ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਤਲ ਹੋਏ ਮਹੰਤ ਦੇ ਭਗਤਾਂ ਦਾ ਕਹਿਣਾ ਹੈ ਕਿ ਇਹ ਕਤਲ ਡੇਰੇ ਦੀ ਤਿੰਨ ਕਿੱਲੇ ਜ਼ਮੀਨ ਨੂੰ ਲੈ ਕੇ ਕੀਤਾ ਗਿਆ ਹੈ ਅਤੇ ਉਨ੍ਹਾਂ ਸਰਕਾਰ ਤੋਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰੂਪਨਗਰ ਦੇ ਘਨੌਲੀ ਬੈਰੀਅਰ ਨੇੜੇ ਦੋ ਦਿਨ ਪਹਿਲਾਂ ਇਕ ਸਬਜ਼ੀ ਵਿਕਰੇਤਾ ਦਾ ਅਣਪਛਾਤਿਆਂ ਵੱਲੋਂ ਕਤਲ ਕਰ ਕੇ ਲਾਸ਼ ਝਾੜੀਆਂ ਵਿਚ ਸੁੱਟੀ ਗਈ ਸੀ ਦੋ ਦਿਨਾਂ ਦੇ ਵਿਚ ਹੀ ਇਹ ਦੂਜਾ ਕਤਲ ਹੈ।

ਪੁਲਸ ਅਨੁਸਾਰ ਇਸ ਕਤਲ ਦਾ ਉਸ ਸਮੇਂ ਪਤਾ ਲੱਗਾ ਜਦੋਂ ਮਹੰਤ ਅਬਦੁਲ ਮਹਾਂ ਯੋਗੇਸ਼ਵਰ ਦਾ ਇਕ ਭਗਤ ਸਵੇਰੇ ਡੇਰੇ ਵਿਚ ਪਹੁੰਚਿਆ ਅਤੇ ਉਸ ਨੇ ਦੇਖਿਆ ਕਿ ਡੇਰੇ ਦੇ ਜਿਸ ਕਮਰੇ ਵਿਚ ਮਹੰਤ ਰਹਿੰਦਾ ਸੀ, ਉਸ ਦਾ ਦਰਵਾਜ਼ਾ ਬੁਰੀ ਤਰ੍ਹਾਂ ਟੁੱਟਿਆ ਸੀ ਅਤੇ ਅੰਦਰ ਮਹੰਤ ਦੀ ਲਾਸ਼ ਪਈ ਸੀ ਅਤੇ ਖੂਨ ਹੀ ਖੂਨ ਵੱਗ ਰਿਹਾ ਸੀ, ਜਿਸ ਤੋਂ ਬਾਅਦ ਉਕਤ ਨੇ ਇਸ ਦੀ ਸੂਚਨਾ ਆਪਣੇ ਸਾਥੀਆਂ ਨੂੰ ਅਤੇ ਪੁਲਸ ਨੂੰ ਦਿੱਤੀ । ਮੌਕੇ 'ਤੇ ਪਹੁੰਚੇ ਸ਼ਰਧਾਲੂ ਅਤੇ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਹ ਕਤਲ ਡੇਰੇ ਦੀ ਤਿੰਨ ਕਿੱਲੇ ਜ਼ਮੀਨ ਨੂੰ ਲੈ ਕੇ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਹੈ। ਮੌਕੇ ਤੇ ਪਹੁੰਚੇ ਆਸਰੋਂ ਪੁਲਸ ਚੌਕੀ ਦੇ ਏ. ਐੱਸ. ਆਈ. ਪਰਮਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਉਹ ਮੌਕੇ 'ਤੇ ਪਹੁੰਚੇ ਤੇ ਦੇਖਿਆ ਕਿ ਕਮਰੇ ਦੇ ਵਿਚ ਮਹੰਤ ਅਬਦੁਲ ਮਹਾ ਯੋਗੇਸ਼ਵਰ ਦੀ ਲਾਸ਼ ਪਈ ਸੀ ਅਤੇ ਦਰਵਾਜ਼ਾ ਟੁੱਟਾ ਸੀ। ਉਨ੍ਹਾਂ ਕਿਹਾ ਕਿ ਦੇਖਣ ਤੋਂ ਇਹ ਕਤਲ ਦਾ ਮਾਮਲਾ ਜਾਪ ਰਿਹਾ ਹੈ ਪਰ ਫਿਰ ਵੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।

ਇਸ ਤੋਂ ਪਹਿਲਾਂ ਰੂਪਨਗਰ ਦੇ ਘਨੌਲੀ ਬੈਰੀਅਰ ਨੇੜੇ ਦੋ ਦਿਨ ਪਹਿਲਾਂ ਇਕ ਸਬਜ਼ੀ ਵਿਕਰੇਤਾ ਦਾ ਅਣਪਛਾਤਿਆਂ ਵੱਲੋਂ ਕਤਲ ਕਰ ਕੇ ਲਾਸ਼ ਝਾੜੀਆਂ ਵਿਚ ਸੁੱਟੀ ਗਈ ਸੀ ਦੋ ਦਿਨਾਂ ਦੇ ਵਿਚ ਹੀ ਇਹ ਦੂਜਾ ਕਤਲ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਸ ਇਨ੍ਹਾਂ ਅੰਨ੍ਹੇ ਕਤਲਾਂ ਦੀ ਗੁੱਥੀ ਨੂੰ ਕਦੋਂ ਤਕ ਸੁਲਝਾਉਣ ਵਿਚ ਸਫਲ ਹੁੰਦੀ ਹੈ।

Gurminder Singh

This news is Content Editor Gurminder Singh