8 ਸਾਲ ਪੁਰਾਣੇ ਕਤਲ ਦੇ ਮਾਮਲੇ ''ਚ ਪਤੀ-ਪਤਨੀ ਨੂੰ ਮਿਲੀ ਉਮਰਕੈਦ ਦੀ ਸਜ਼ਾ

08/21/2018 11:55:08 AM

ਜਲੰਧਰ (ਜਤਿੰਦਰ, ਭਾਰਦਵਾਜ)— ਜ਼ਿਲਾ ਸੈਸ਼ਨ ਜੱਜ ਮਾਣਯੋਗ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਸਤਨਾਮ ਸਿੰਘ ਵਾਸੀ ਵਿਧੀਪੁਰ ਦੀ ਤੇਜ਼ਧਾਰ ਹਥਿਆਰ ਅਤੇ ਡੰਡਿਆਂ ਨਾਲ ਹਮਲਾ ਕਰਕੇ ਹੱਤਿਆ ਕਰਨ ਦੇ ਮਾਮਲੇ 'ਚ ਕੁਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਸਲਿੰਦਰ ਕੌਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋਵਾਂ ਨੂੰ ਧਾਰਾ 302 ਦੇ ਤਹਿਤ ਉਮਰਕੈਦ ਦੀ ਸਜ਼ਾ ਸੁਣਾਉਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਦੋਵਾਂ ਨੂੰ 10-10 ਹਜ਼ਾਰ ਰੁਪਏ ਜ਼ੁਰਮਾਨਾ ਅਤੇ ਜ਼ੁਰਮਾਨਾ ਨਾ ਦੇਣ 'ਤੇ ਇਕ-ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਸੁਣਾਈ। 

ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ 24-6-2010 ਨੂੰ ਥਾਣਾ ਮਕਸੂਦਾਂ ਦੀ ਪੁਲਸ ਵੱਲੋਂ ਸਿਵਲ ਹਸਪਤਾਲ 'ਚ ਜ਼ਖਮੀ ਸਤਨਾਮ ਸਿੰਘ ਦੇ ਬਿਆਨਾਂ 'ਤੇ ਉਸ 'ਤੇ ਅਤੇ ਉਸ ਦੇ ਪੁੱਤਰ ਮਨਪ੍ਰੀਤ 'ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਕੁਲਵਿੰਦਰ ਸਿੰਘ ਅਤੇ ਪਤਨੀ ਸਲਿੰਦਰ ਕੌਰ, ਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਵਿਧੀਪੁਰ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।  

ਇਸ ਸਬੰਧੀ ਉਸ ਸਮੇਂ ਸਤਨਾਮ ਸਿੰਘ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਘਟਨਾ ਵਾਲੇ ਦਿਨ ਉਹ ਆਪਣੇ ਲੜਕੇ ਮਨਪ੍ਰੀਤ ਸਿੰਘ ਜੋ ਕਿ ਬੀ. ਏ. 'ਚ ਪੜ੍ਹਦਾ ਹੈ, ਉਸ ਨਾਲ ਪੱਠੇ ਲੈ ਕੇ ਖੇਤਾਂ ਤੋਂ ਘਰ ਵੱਲ ਜਾ ਰਹੇ ਸਨ ਅਤੇ ਜਦੋਂ ਉਹ ਜੀਤ ਦੀ ਹਵੇਲੀ ਕੋਲ ਪਹੁੰਚੇ ਤਾਂ ਇਹ ਸਾਰੇ ਦੋਸ਼ੀ ਪਹਿਲਾਂ ਹੀ ਦਾਤਰਾਂ ਸਮੇਤ ਡੰਡੇ ਲੈ ਕੇ ਬਾਹਰ ਖੜ੍ਹੇ ਸਨ। ਸਤਨਾਮ ਨੂੰ ਦੇਖਦੇ ਹੀ ਲਲਕਾਰੇ ਮਾਰਦੇ ਹੋਏ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਸਤਨਾਮ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਦੀ ਮੌਤ ਹੋ ਗਈ ਸੀ। ਸ਼ਿਕਾਇਤ ਕਰਤਾ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਪਾਣੀ ਦੀ ਪਾਈਪ ਨੂੰ ਲੈ ਕੇ ਵੀ ਇਨ੍ਹਾਂ 'ਚ ਕਈ ਵਾਰ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਦੋਵੇਂ ਧਿਰਾਂ 'ਚ ਰੰਜਿਸ਼ ਰਹਿਣ ਲੱਗੀ। ਇਸੇ ਕੇਸ 'ਚ ਦੋ ਵਿਅਕਤੀ ਜੀਤ ਅਤੇ ਗੁਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ ਅਤੇ ਇਹ ਦੋਵੇਂ ਭਗੌੜੇ ਰਹੇ ਸਨ ਅਤੇ ਇਨ੍ਹਾਂ ਨੂੰ ਬਾਅਦ 'ਚ ਗ੍ਰਿਫਤਾਰ ਕੀਤਾ ਗਿਆ ਸੀ।