ਸੰਗਰੂਰ : ਨਸ਼ੇ ''ਚ ਟੱਲੀ ਚਾਰ ਵਿਅਕਤੀਆਂ ਵਲੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

01/15/2018 3:37:54 PM

ਸੰਗਰੂਰ (ਰਾਜੇਸ਼ ਕੋਹਲੀ) — ਜ਼ਿਲਾ ਸੰਗਰੂਰ ਦੀ ਅਜੀਤ ਨਗਰ ਬਸਤੀ 'ਚ ਇਕ ਕਬਾੜ ਦੀ ਦੁਕਾਨ ਦੇ ਬਾਹਰ ਸ਼ਰਾਬ ਦੇ ਨਸ਼ੇ 'ਚ ਟੱਲੀ ਚਾਰ ਵਿਅਕਤੀਆਂ ਵਲੋਂ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਦੀ ਪਛਾਣ ਮਨਦੀਪ ਸਿੰਘ ਉਰਫ ਡੋਗਰ, ਸੁਰਿੰਦਰ ਸਿੰਘ, ਹਰਿਓਮ ਤੇ ਸਤਨਾਮ ਸਿੰਘ ਤੇ ਮ੍ਰਿਤਕ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਉਰਫ ਸ਼ੇਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਦੇ ਨਾਲ ਉਕਤ ਵਿਅਕਤੀਆਂ ਦੀ ਨਿਜੀ ਰੰਜਿਸ਼ ਸੀ। ਚਾਰੇ ਦੋਸ਼ੀ ਮਾਲਗੱਡੀ 'ਚੋਂ ਕਣਕ ਤੇ ਝੋਨੇ ਦੀਆਂ ਬੋਰੀਆਂ ਦੀ ਸ਼ਿਫਟਿੰਗ ਕਰਦੇ ਸਮੇਂ ਬੋਰੀਆਂ ਦੀ ਚੋਰੀ ਕਰਦੇ ਸਨ, ਜਿਸ ਦੀ ਜਾਣਕਾਰੀ ਮ੍ਰਿਤਕ ਬਲਜਿੰਦਰ ਟਰੱਕ ਯੂਨੀਅਨ ਨੂੰ ਕਰਦਾ ਸੀ, ਜਿਸ ਦੇ ਚਲਦਿਆਂ ਚਾਰੇ ਦੋਸ਼ੀ ਬਲਜਿੰਦਰ ਸਿੰਘ ਨਾਲ ਰੰਜਿਸ਼ ਰੱਖਦੇ ਸਨ। ਉਨ੍ਹਾਂ ਨੇ ਦੇਰ ਰਾਤ ਮੌਕਾ ਦੇਖ ਕੇ ਬਲਜਿੰਦਰ ਨੂੰ ਅਜੀਤ ਨਗਰ ਬਸਤੀ 'ਚ ਇਕ ਕਬਾੜੀ ਦੀ ਦੁਕਾਨ ਦੇ ਬਾਹਰ ਘੇਰ ਲਿਆ ਤੇ ਨਸ਼ੇ 'ਚ ਟੱਲੀ ਚਾਰਾਂ ਦੋਸ਼ੀਆਂ ਨੇ ਪੱਥਰਾਂ ਤੇ ਲੱਕੜਾਂ ਦੇ ਲੱਠ ਨਾਲ ਤਾਬੜਤੋੜ ਹਮਲੇ ਕਰ ਕੇ ਬਲਜਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 
ਮ੍ਰਿਤਕ ਬਲਜਿੰਦਰ ਦੇ ਚਾਚਾ ਨਿਰਮਲ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਦਾ ਭਤੀਜਾ ਦੇਰ ਰਾਤ ਤਕ ਘਰ ਨਹੀਂ ਪਰਤਿਆ ਤਾਂ ਉਹ ਉਸ ਨੂੰ ਲੱਭਣ ਲੱਗੇ। ਜਿਸ ਦੌਰਾਨ ਉਨ੍ਹਾਂ ਦੇਖਿਆ ਕਿ ਚਾਰੇ ਦੋਸ਼ੀਆਂ ਨੇ ਉਨ੍ਹਾਂ ਦੇ ਭਤੀਜੇ ਨੂੰ ਘੇਰ ਰੱਖਿਆ ਹੈ ਤੇ ਪੱਥਰਾਂ ਨਾਲ ਉਸ 'ਤੇ ਵਾਰ ਕਰ ਰਹੇ ਸਨ। ਬਲਜਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਦੇਖ ਕੇ ਉਕਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। 
ਉਧਰ ਥਾਣਾ ਸਿਟੀ ਦੇ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮੁੱਖ ਦੋਸ਼ੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦ ਕਿ ਬਾਕੀ ਤਿੰਨ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।