''ਸਾਡੀ ਲੜਕੀ ਮੋਨਿਕਾ ਦਾ ਸਹੁਰੇ ਘਰ ''ਚ ਹੋਇਅੈ ਕਤਲ, ਪੁਲਸ ਕਰੇ ਇਨਸਾਫ''!

07/23/2018 5:53:03 AM

ਫਗਵਾਡ਼ਾ, (ਹਰਜੋਤ, ਰੁਪਿੰਦਰ ਕੌਰ)- ਕੱਲ ਇਥੇ ਇਕ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਨੇ  ਅੱਜ ਉਸ ਸਮੇਂ ਨਵਾਂ ਮੋਡ਼ ਲੈ ਲਿਆ, ਜਦੋਂ ਲਡ਼ਕੀ ਦੇ ਪੇਕੇ ਪਰਿਵਾਰ ਨੇ ਇਸ ਮਾਮਲੇ ਨੂੰ ਖੁਦਕੁਸ਼ੀ ਨਹੀਂ, ਬਲਕਿ ਸਹੁਰਾ ਪਰਿਵਾਰ ਵੱਲੋਂ ਲਡ਼ਕੀ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ। ਅੱਜ ਲਡ਼ਕੀ ਦੇ ਪਿਤਾ ਰਾਜ ਕੁਮਾਰ, ਮਾਮਾ ਰਾਜਪਾਲ, ਓਮ ਪ੍ਰਕਾਸ਼, ਹਰਭਜਨ ਲਾਲ, ਗੁਰਦਿਆਲ  ਚੰਦ ਨੇ ਆਪਣੇ ਕਰੀਬ 40-50 ਰਿਸ਼ਤੇਦਾਰਾਂ ਤੇ ਪਰਿਵਾਰਿਕ ਮੈਂਬਰਾਂ ਨਾਲ ਥਾਣਾ ਸਿਟੀ ਦਾ ਘਿਰਾਓ ਕਰ ਕੇ ਧਰਨਾ ਲਾ ਕੇ ਨਾਅਰੇਬਾਜ਼ੀ ਕਰਦੇ ਹੋਏ ਫਗਵਾੜਾ ਪੁਲਸ ਤੋਂ ਇਨਸਾਫ਼ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਸਾਡੀ ਲਡ਼ਕੀ ਮੋਨਿਕਾ  ਨੂੰ ਸਹੁਰੇ ਪਰਿਵਾਰ ਨੇ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਕਤਲ  ਕੀਤਾ ਹੈ ਅਤੇ ਲਡ਼ਕੀ ਨੂੰ ਮਾਰ ਕੇ  ਲੱਟਕਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਵਾਲਿਆਂ ਨੇ ਉਨ੍ਹਾਂ  ਪਾਸੋਂ ਉਧਾਰ ਪੈਸੇ ਵੀ ਲਏ ਹੋਏ ਸਨ, ਜੋ ਅਜੇ ਤਕ ਵਾਪਸ ਨਹੀਂ ਕੀਤੇ ਅਤੇ ਹੁਣ ਵੀ  ਲਡ਼ਕਾ-ਲਡ਼ਕੀ ਨੂੰ ਬਾਹਰ ਭੇਜਣ ਲਈ ਪੈਸਿਅਾਂ ਦੀ ਮੰਗ ਕਰ ਰਹੇ ਸਨ ਪਰ ਸਾਡੇ ਕੋਲ ਇੰਨੀ  ਹਿੰਮਤ ਨਾ ਹੋਣ ਕਰਕੇ ਅਸੀਂ ਜੁਆਬ ਦੇ ਦਿੱਤਾ ਸੀ ਅਤੇ ਉਹ ਲਡ਼ਕੀ ਨੂੰ ਪੈਸੇ ਲਿਆਉਣ ਲਈ  ਮਜਬੂਰ ਵੀ ਕਰ ਰਹੇ ਸਨ।  
ਉਨ੍ਹਾਂ ਕਿਹਾ ਕਿ ਸਾਨੂੰ ਘਟਨਾ ਤੋਂ ਕਰੀਬ 2 ਘੰਟੇ ਬਾਅਦ ਸ਼ਾਮ 6 ਵਜੇ ਸੂਚਿਤ ਕੀਤਾ  ਗਿਆ, ਜਦ ਕਿ ਸਹੁਰੇ ਪਰਿਵਾਰ ਨੇ ਸਾਨੂੰ ਕੋਈ ਸੂਚਨਾ ਤਕ ਵੀ ਨਹੀਂ ਦਿੱਤੀ, ਜਦੋਂ ਅਸੀਂ  ਪੁੱਜੇ ਉਸ ਸਮੇਂ ਲਾਸ਼ ਸਿਵਲ ਹਸਪਤਾਲ ਵਿਖੇ ਵੀ ਭੇਜ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ  ਪਤੀ ਪਤਨੀ ਦਾ ਆਪਸ 'ਚ ਝਗਡ਼ਾ ਵੀ ਰਹਿੰਦਾ ਸੀ।   ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਮੌਕੇ  'ਤੇ ਪੁੱਜੇ ਅਤੇ ਉਨ੍ਹਾਂ ਲਡ਼ਕੀ ਦੇ ਪਿਤਾ ਰਾਜ ਕੁਮਾਰ ਪੁੱਤਰ ਸਰਦਾਰਾ ਰਾਮ ਵਾਸੀ 2/3  ਬੂਟਾ ਜ਼ਿਲਾ ਜਲੰਧਰ ਥਾਣਾ ਡਵੀਜ਼ਨ ਨੰਬਰ 6 ਜਲੰਧਰ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਰਮਨ  ਕੁਮਾਰ ਭਾਟੀਆ ਪੁੱਤਰ ਮਹਿੰਦਰਪਾਲ, ਸਹੁਰਾ ਮਹਿੰਦਰਪਾਲ ਪੁੱਤਰ ਦਲੀਪ ਰਾਮ, ਸੱਸ ਕਮਲਾ  ਪਤਨੀ ਮਹਿੰਦਰਪਾਲ ਖਿਲਾਫ਼ ਧਾਰਾ 306, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ। ਉਪਰੰਤ  ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਚੁੱਕ ਲਿਆ  ਪਰ ਲਡ਼ਕੀ ਦੇ ਪੇਕੇ ਪਰਿਵਾਰ ਵਾਲੇ ਇਸ ਗੱਲ   'ਤੇ ਅਡ਼ੇ ਹੋਏ ਹਨ ਕਿ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਹੀ ਲਡ਼ਕੀ ਦੀ   ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾਵੇਗਾ।
ਵਰਣਨਯੋਗ ਹੈ ਕਿ ਮ੍ਰਿਤਕ ਅੌਰਤ ਕੱਲ   ਦੁਪਹਿਰ ਆਪਣੇ ਬੱਚਿਆਂ ਦੇ ਸਕੂਲ ਤੋਂ ਪੇਰੈਂਟਸ ਮੀਟਿੰਗ 'ਚ ਸ਼ਾਮਿਲ ਹੋ ਕੇ ਵਾਪਸ ਆਈ ਸੀ    ਅਤੇ ਵਾਪਸ ਆਉਣ ਉਪਰੰਤ ਆਪਣੇ ਕਮਰੇ 'ਚ ਚੱਲੀ ਗਈ ਸੀ ਅਤੇ ਜਦੋਂ ਸ਼ਾਮ ਤਕ ਵਾਪਸ ਨਾ  ਆਈ  ਤਾਂ ਉਸ ਨੇ ਫ਼ਾਹਾ ਲੈ ਲਿਆ ਸੀ, ਜਿਸ ਸਬੰਧ 'ਚ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ   ਹਸਪਤਾਲ ਭੇਜ ਦਿੱਤੀ  ਸੀ  ਅਤੇ ਜਾਂਚ ਜਾਰੀ ਸੀ।
ਤਿੰਨ ਬੱਚਿਆ ਦੀ ਮਾਂ ਸੀ ਮੋਨਿਕਾ
ਮ੍ਰਿਤਕ ਲਡ਼ਕੀ ਮੋਨਿਕਾ ਤਿੰਨ ਬੱਚਿਅਾਂ ਦੀ ਮਾਂ ਸੀ। ਉਸ ਦੀਆਂ ਦੋ ਲਡ਼ਕੀਆਂ ਸ਼ੈਰੀ ਭਾਟੀਆ, ਰਿਹਾਨਾ ਤੇ ਇਕ ਲਡ਼ਕਾ ਰਿਹਾਨ ਸੀ।  
ਸਾਲ 2011 'ਚ ਹੋਇਆ ਸੀ ਵਿਆਹ  
ਮ੍ਰਿਤਕ ਲਡ਼ਕੀ  ਮੋਨਿਕਾ ਦਾ ਵਿਅਾਹ 25 ਫਰਵਰੀ 2011 ਨੂੰ ਜਲੰਧਰ ਪ੍ਰਤਾਪ ਨਗਰ ਬੂਟਾ ਮੰਡੀ 'ਚ ਹੋਇਆ  ਸੀ। ਲਡ਼ਕੀ ਦੇ ਪਿਤਾ ਦਾ ਦੋਸ਼ ਸੀ ਕਿ ਸਾਡੀ ਲਡ਼ਕੀ ਵਿਆਹ ਤੋਂ ਬਾਅਦ ਅਕਸਰ ਪ੍ਰੇਸ਼ਾਨ ਹੀ ਰਹਿੰਦੀ ਸੀ ਅਤੇ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਹੀ ਕਰਦੇ ਰਹੇ ਸਨ। 
ਡਾਕਟਰਾਂ ਦੇ ਬੋਰਡ ਪਾਸੋਂ ਹੋਵੇਗਾ ਪੋਸਟਮਾਰਟਮ 
 ਇਸ ਸਬੰਧੀ ਜਦੋਂ ਥਾਣਾ ਸਿਟੀ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ  ਉਨ੍ਹਾਂ ਕਿਹਾ ਕਿ ਪੁਲਸ ਨੇ ਸੱਸ, ਸਹੁਰੇ ਤੇ ਪਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ  ਜਲਦੀ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਡ਼ਕੀ ਦਾ ਪੋਸਟ  ਮਾਰਟਮ ਕੱਲ ਡਾਕਟਰਾਂ ਦੇ ਬੋਰਡ ਪਾਸੋਂ ਕਰਵਾਇਆ ਜਾਵੇਗਾ।