ਲਿਵ ਇਨ ਰਿਲੇਸ਼ਨਸ਼ਿਪ ''ਚ ਰਹਿ ਰਹੀ ਔਰਤ ਦੀ ਦਰਦਨਾਕ ਹੱਤਿਆ

03/29/2018 7:47:48 AM

ਲੁਧਿਆਣਾ  (ਪੰਕਜ)-ਪਤੀ ਤੋਂ ਤਲਾਕ ਹੋਣ 'ਤੇ ਆਪਣੇ ਮਾਪੇ ਘਰ ਆ ਕੇ ਰਹਿਣ ਵਾਲੀ ਔਰਤ ਲਈ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣਾ ਜਾਨਲੇਵਾ ਸਾਬਿਤ ਹੋਇਆ ਅਤੇ ਉਸ ਦੇ ਨਾਲ ਰਹਿਣ ਵਾਲੇ ਦੋਸ਼ੀ ਨੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਖੁਦ ਫਰਾਰ ਹੋ ਗਿਆ।  ਘਟਨਾ ਥਾਣਾ ਸ਼ਿਮਲਾਪੁਰੀ ਦੇ ਅਧੀਨ ਪੈਂਦੇ ਨਿਊ ਜਨਤਾ ਨਗਰ ਇਲਾਕੇ ਦੀ ਹੈ, ਜਿੱਥੇ ਡਰਾਈਵਰੀ ਦਾ ਕੰਮ ਕਰਨ ਵਾਲੇ ਸੁਨੀਲ ਕੁਮਾਰ ਦੀ ਬੇਟੀ ਪੂਜਾ (28) ਜਿਸ ਦਾ ਪਤੀ ਨਾਲ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਪੂਜਾ ਆਪਣੇ ਬੇਟੇ ਦੇ ਨਾਲ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ। ਇਸ ਦੌਰਾਨ ਉਸ ਦੀ ਦੋਸਤੀ ਚਰਨਜੀਤ ਸਿੰਘ ਨਾਮਕ ਵਿਅਕਤੀ ਦੇ ਨਾਲ ਹੋ ਗਈ। ਉਹ ਉਸ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗੀ।  ਮਾਪੇ ਘਰ 'ਚ ਚਰਨਜੀਤ ਸਿੰਘ ਨਾਲ ਰਹਿ ਰਹੀ ਪੂਜਾ ਨੇ 5 ਸਾਲ ਪਹਿਲਾਂ ਇਕ ਬੇਟੀ ਰੀਆ ਨੂੰ ਵੀ ਜਨਮ ਦਿੱਤਾ ਸੀ। ਪਿਛਲੇ ਕੁੱਝ ਦਿਨਾਂ ਤੋਂ ਚਰਨਜੀਤ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਘਰੋਂ ਬੇਘਰ ਰਹਿਣ ਲੱਗਾ ਅਤੇ ਗੱਲ-ਗੱਲ 'ਤੇ ਸ਼ੱਕ ਕਰਨ ਵਾਲਾ ਦੋਸ਼ੀ ਚਰਨਜੀਤ ਸਿੰਘ ਆਏ ਦਿਨ ਉਸ ਨਾਲ ਕੁੱਟ-ਮਾਰ ਵੀ ਕਰਨ ਲੱਗਾ। 
ਬੁੱਧਵਾਰ ਨੂੰ ਜਦ ਪੂਜਾ ਦਾ ਪਿਤਾ ਸੁਨੀਲ ਕੁਮਾਰ ਡਿਊਟੀ ਗਿਆ ਸੀ ਤਾਂ ਉਸ ਦੀ ਮਾਤਾ ਮੋਗਾ 'ਚ ਆਪਣੇ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ। ਤਦ ਪਿੱਛੋਂ ਘਰ 'ਚ ਪੂਜਾ ਅਤੇ ਚਰਨਜੀਤ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ 'ਤੇ ਗੁੱਸੇ 'ਚ ਆਏ ਦੋਸ਼ੀ ਨੇ ਪੂਜਾ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਖੁਦ ਫਰਾਰ ਹੋ ਗਿਆ। 
ਪਹਿਲਾਂ ਵੀ ਛੱਡ ਕੇ ਚਲਾ ਗਿਆ ਸੀ ਕਾਤਲ 
ਪੂਜਾ ਦੀ ਮਾਂ ਨੇ ਦੱਸਿਆ ਕਿ ਚਰਨਜੀਤ ਨਸ਼ੇੜੀ ਅਤੇ ਸ਼ੱਕੀ ਕਿਸਮ ਦਾ ਇਨਸਾਨ ਸੀ ਅਕਸਰ ਪੂਰਾ ਨਾਲ ਕੁੱਟ-ਮਾਰ ਕਰਦਾ ਸੀ। ਇਸੇ ਗੱਲ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਡੇਢ ਸਾਲ ਪਹਿਲਾਂ ਚਰਨਜੀਤ ਨੂੰ ਘਰੋਂ ਕੱਢ ਦਿੱਤਾ ਸੀ ਪਰ ਥੋੜ੍ਹੇ ਸਮੇਂ ਬਾਅਦ ਮੁਆਫੀ ਮੰਗ ਕੇ ਵਾਪਸ ਆ ਕੇ ਉਨ੍ਹਾਂ ਦੇ ਘਰ ਰਹਿਣ ਲੱਗਾ ਸੀ। 
ਕਿਸੇ ਨੂੰ ਨਹੀ ਲੱਗਿਆ ਵਾਰਦਾਤ ਦਾ ਪਤਾ 
ਦੋਸ਼ੀ ਚਰਨਜੀਤ ਨੇ ਕਿਸ ਸਮੇਂ ਪੂਜਾ ਦੀ ਹੱਤਿਆ ਕੀਤੀ ਅਤੇ ਕਦ ਫਰਾਰ ਹੋ ਗਿਆ ਇਸ ਦਾ ਪਤਾ ਕਿਸੇ ਨੂੰ ਵੀ ਨਹੀਂ ਲੱਗਿਆ ਅਤੇ ਸੀਮਾ ਨੇ ਲਾਸ਼ ਦੇਖ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਦੋਸ਼ੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ। 
ਮਾਂ ਦੇ ਆਉਣ 'ਤੇ ਲੱਗਿਆ ਵਾਰਦਾਤ ਦਾ ਪਤਾ
ਬੁੱਧਵਾਰ ਦੀ ਸ਼ਾਮ ਜਦ ਸੀਮਾ ਮੋਗਾ ਤੋਂ ਵਾਪਸ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਪੂਜਾ ਖੂਨ 'ਚ ਲਥਪਥ ਬਿਸਤਰ 'ਤੇ ਪਈ ਸੀ। 
ਬੱਚਿਆਂ ਦੀ ਜ਼ਿੰਦਗੀ ਤਬਾਹ 
ਨਸ਼ੇੜੀ ਚਰਨਜੀਤ ਦੀ ਹਰਕਤ ਨੇ ਦੋਵਾਂ ਬੱਚਿਆਂ ਦੀ ਜ਼ਿੰਦਗੀ ਵੀ ਤਬਾਹ ਕਰ ਦਿੱਤੀ ਹੈ, ਜਿਨ੍ਹਾਂ ਨੂੰ ਅਕਸਰ ਦੋਸ਼ੀ ਕੁੱਟਦਾ ਰਹਿੰਦਾ ਸੀ।