ਲੁਧਿਆਣਾ ਪੁਲਸ ਨੇ ਜਿੰਮੀ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਅਦਾਲਤ ''ਚ ਪੇਸ਼ ਕੀਤਾ

11/18/2017 7:20:42 AM

ਲੁਧਿਆਣਾ(ਮਹੇਸ਼, ਮਹਿਰਾ)-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸ਼ਾਖਾ ਮੁਖੀ ਅਧਿਆਪਕ ਰਵਿੰਦਰ ਗੋਸਾਈਂ ਕਤਲ ਕੇਸ 'ਚ ਗ੍ਰਿਫਤਾਰ ਯੂ. ਕੇ. ਦੇ ਜਿੰਮੀ ਨੂੰ ਸ਼ੁੱਕਰਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ 'ਚ ਲੁਧਿਆਣਾ ਦੇ ਨਿਆਂ ਦੰਡ ਅਧਿਕਾਰੀ ਪਹਿਲੀ ਸ਼੍ਰੇਣੀ ਸੁਸ਼ੀਲ ਬੋਧ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ ਇਕ ਦਿਨ ਦਾ ਰਿਮਾਂਡ ਵਧਾ ਦਿੱਤਾ ਗਿਆ। ਜਿੰਮੀ ਨੂੰ ਕੁਝ ਦਿਨ ਪਹਿਲਾਂ ਪੰਜਾਬ 'ਚ ਰਵਿੰਦਰ ਗੋਸਾਈਂ ਸਮੇਤ ਹੋਏ 7 ਟਾਰਗੇਟ ਕਤਲ ਕਰਨ ਦੇ ਦੋਸ਼ ਵਿਚ ਮੋਗਾ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਲੁਧਿਆਣਾ ਪੁਲਸ ਜਿੰਮੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਲੈ ਕੇ ਆਈ ਸੀ ਅਤੇ ਉਸ ਦਾ 3 ਦਿਨ ਦਾ ਰਿਮਾਂਡ ਲਿਆ ਸੀ। ਅਦਾਲਤ ਵਿਚ ਸੁਣਵਾਈ ਦੌਰਾਨ ਪੁਲਸ ਨੇ ਕਿਹਾ ਕਿ ਜਿੰਮੀ ਦੇ ਤਾਏ ਦੇ ਬੇਟਿਆਂ ਨੇ ਕਾਤਲਾਂ ਨੂੰ 2 ਪਿਸਤੌਲ ਮੁਹੱਈਆ ਕਰਵਾਏ ਸਨ, ਜਿਨ੍ਹਾਂ ਵਿਚੋਂ ਇਕ ਪਿਸਤੌਲ ਤਾਂ ਬਰਾਮਦ ਕਰ ਲਿਆ ਹੈ ਪਰ ਦੂਜੇ ਦੀ ਬਰਾਮਦਗੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਜਿੰਮੀ ਨੂੰ ਕਿਹੜਾ ਸ਼ਖਸ ਫੰਡ ਮੁਹੱਈਆ ਕਰਵਾ ਰਿਹਾ ਹੈ, ਇਸ ਸਬੰਧੀ ਅਜੇ ਪਤਾ ਲਾਇਆ ਜਾਣਾ ਬਾਕੀ ਹੈ, ਜਿਸ ਨੂੰ ਦੇਖਦੇ ਹੋਏ ਮਾਣਯੋਗ ਜੱਜ ਨੇ ਉਸ ਦਾ 1 ਦਿਨ ਦਾ ਹੋਰ ਪੁਲਸ ਰਿਮਾਂਡ ਵਧਾ ਦਿੱਤਾ। ਹੁਣ ਜਿੰਮੀ ਨੂੰ ਸ਼ਨੀਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਾਂਚ ਨਾਲ ਜੁਟੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜਿੰਮੀ ਪੁੱਛਗਿੱਛ ਵਿਚ ਪੁਲਸ ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਨਹੀਂ ਕਰ ਰਿਹਾ ਹੈ। ਉਸ ਦਾ 3 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ 1 ਦਿਨ ਦਾ ਹੀ ਦਿੱਤਾ। ਵਰਣਨਯੋਗ ਹੈ ਕਿ ਪੰਜਾਬ ਵਿਚ ਪਿਛਲੇ ਡੇਢ ਸਾਲ ਦੌਰਾਨ ਹਿੰਦੂ ਆਗੂਆਂ ਸਮੇਤ ਹੋਰਨਾਂ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਦੇ ਸਿਲਸਿਲੇਵਾਰ ਹੋਏ ਕਤਲਾਂ ਦੇ ਕੇਸ ਵਿਚ ਪੁਲਸ ਜਿੰਮੀ, ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ, ਰਮਨਦੀਪ ਸਿੰਘ ਉਰਫ ਬੱਗਾ, ਗੈਂਗਸਟਰ ਧਰਮਿੰਦਰ ਗੁਗਨੀ, ਅੱਤਵਾਦੀ ਮਿੰਟੂ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਅਜੇ ਤੱਕ ਜਿੰਮੀ ਨੂੰ ਹੀ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਉਣ ਵਿਚ ਲੁਧਿਆਣਾ ਪੁਲਸ ਕਾਮਯਾਬ ਹੋ ਸਕੀ ਹੈ।