ਬਾਗੀਆਂ ''ਤੇ ਕਾਰਵਾਈ ਸਬੰਧੀ ਅਕਾਲੀ ਦਲ ਤੋਂ ਅੱਗੇ ਨਿਕਲੇ ਭਾਜਪਾ ਤੇ ਕਾਂਗਰਸ

12/12/2017 6:31:41 PM

ਜਲੰਧਰ (ਬੁਲੰਦ)— ਨਗਰ ਨਿਗਮ ਚੋਣਾਂ ਵਿੱਚ ਆਪਣੀ ਪਾਰਟੀ ਤੋਂ ਬਾਗੀ ਹੋ ਚੁੱਕੇ ਆਗੂਆਂ 'ਤੇ ਕਾਰਵਾਈ ਕਰਨ ਨੂੰ ਲੈ ਕੇ ਭਾਜਪਾ ਨੇ ਅਕਾਲੀ ਦਲ ਨੂੰ ਪਛਾੜਦਿਆਂ ਆਪਣੇ 7 ਬਾਗੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਮਾਮਲੇ ਬਾਰੇ ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪਾਰਟੀ ਹਾਈਕਮਾਨ ਦੇ ਨਾਲ ਕੋਰ ਕਮੇਟੀ ਦੀ ਚੰਡੀਗੜ੍ਹ ਵਿਚ ਬੈਠਕ ਹੋਈ ਸੀ, ਜਿਸ ਵਿੱਚ ਇਕ ਵਾਰ ਇਸ ਮੁੱਦੇ ਨੂੰ ਉਠਾਇਆ ਵੀ ਗਿਆ ਕਿ ਬਾਗੀ ਆਗੂ ਜੋ ਆਪਣੀ ਹੀ ਪਾਰਟੀ ਖਿਲਾਫ ਚੱਲ ਰਹੇ ਹਨ ਜਾਂ ਆਪਣੇ ਹੀ ਉਮੀਦਵਾਰਾਂ ਸਾਹਮਣੇ ਆਜ਼ਾਦ ਖੜ੍ਹੇ ਹਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ ਪਰ ਇਸ ਮਾਮਲੇ ਨੂੰ ਜ਼ਿਆਦਾ ਤਵੱਜੋ ਨਾ ਦਿੰਦਿਆਂ ਹੋਰ ਮਾਮਲਿਆਂ 'ਤੇ ਹੀ ਚਰਚਾ ਹੁੰਦੀ ਰਹੀ, ਜਿਸ ਕਾਰਨ ਅਜੇ ਫਿਲਹਾਲ ਅਕਾਲੀ ਦਲ ਦੇ ਬਾਗੀਆਂ 'ਤੇ ਕੋਈ ਕਾਰਵਾਈ ਹੁੰਦੀ ਨਹੀਂ ਦਿਸ ਰਹੀ। ਉਥੇ ਹੀ ਕਾਂਗਰਸ ਦੇ ਜ਼ਿਲਾ ਪ੍ਰਧਾਨ ਨੇ ਵੀ ਇਸ਼ਾਰਾ ਦੇ ਦਿੱਤਾ ਹੈ ਕਿ ਬਾਗੀ ਕਾਂਗਰਸੀ ਜਾਂ ਤਾਂ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਬੈਠ ਜਾਣ ਜਾਂ ਫਿਰ ਉਨ੍ਹਾਂ ਖਿਲਾਫ ਅਨੁਸ਼ਾਸਨਿਕ ਕਾਰਵਾਈ ਕਰਦਿਆਂ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ ਹੈ।
ਓਧਰ ਮਾਮਲੇ ਬਾਰੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਫਿਲਹਾਲ ਬਾਗੀਆਂ ਨੂੰ ਮਨਾਉਣ ਦੀ ਕੋਸ਼ਿਸ਼ ਵਿੱਚ ਹੈ ਅਤੇ ਜੇਕਰ ਲੋੜ ਪਈ ਤਾਂ ਸਖਤ ਫੈਸਲਾ ਲੈਣਗੇ। ਉਥੇ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਭਾਜਪਾ ਨੇ ਆਪਣੇ 7 ਬਾਗੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰ ਕੇ ਕਾਂਗਰਸ ਨੇ ਸਖਤ ਚਿਤਾਵਨੀ ਬਾਗੀਆਂ ਨੂੰ ਜਾਰੀ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਨਿਯਮਾਂ ਅਤੇ ਅਨੁਸ਼ਾਸਨ ਦੇ ਮਾਮਲੇ ਵਿਚ ਭਾਜਪਾ ਅਤੇ ਕਾਂਗਰਸ ਅਕਾਲੀ ਦਲ ਤੋਂ ਅੱਗੇ ਹਨ।