ਨਗਰ ਕੌਂਸਲ ਨੇ ਹਟਾਏ ਨਾਜਾਇਜ਼ ਕਬਜ਼ੇ

05/27/2018 5:11:46 AM

ਕਪੂਰਥਲਾ, (ਗੁਰਵਿੰਦਰ ਕੌਰ)- ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਅੱਜ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲਭੂਸ਼ਣ ਗੋਇਲ ਨੇ ਆਪਣੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਕਬਜ਼ੇ ਹਟਵਾਏ। ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਜੇ. ਸੀ. ਬੀ. ਮਸ਼ੀਨ ਨਾਲ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਦੇ ਬਾਹਰ ਜੂਸ ਦੀ ਦੁਕਾਨ ਅੱਗੇ ਨਾਜਾਇਜ਼ ਤੌਰ 'ਤੇ ਲਗਾਏ ਕਾਊਂਟਰ, ਪੀਰ ਚੌਧਰੀ ਰੋਡ 'ਤੇ ਬਣੇ ਨਾਜਾਇਜ਼ ਖੋਖੇ, ਸੈਨਿਕ ਸਕੂਲ ਦੇ ਅੱਗੇ ਬਿਨਾਂ ਨਕਸ਼ੇ ਤੋਂ ਉਸਾਰੀ ਨੂੰ ਢਾਹਿਆ ਗਿਆ।  ਇਸਦੇ ਨਾਲ-ਨਾਲ ਰਮਨੀਕ ਚੌਕ ਦੇ ਨਜ਼ਦੀਕ ਇਕ ਪ੍ਰਦੂਸ਼ਣ ਚੈੱਕ ਸੈਂਟਰ ਵਲੋਂ ਨਾਜਾਇਜ਼ ਤੌਰ 'ਤੇ ਬਣਾਏ ਗਏ ਥੜਿਆਂ ਨੂੰ ਵੀ ਜੇ. ਸੀ. ਬੀ. ਮਸ਼ੀਨ ਨਾਲ ਤੋੜ ਕੇ ਹਟਾਇਆ ਗਿਆ ਤੇ ਪੁਰਾਣੀ ਸਬਜ਼ੀ ਮੰਡੀ 'ਚ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਨਿਰਧਾਰਿਤ ਰੇਖਾ ਤੋਂ ਬਾਹਰ ਪਏ ਸਾਮਾਨ ਨੂੰ ਚੁੱਕ ਕੇ ਕਰਮਚਾਰੀਆਂ ਵਲੋਂ ਟਰਾਲੀਆਂ 'ਚ ਰੱਖਿਆ ਗਿਆ ਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਭਵਿੱਖ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਨਾਜਾਇਜ਼ ਕਬਜ਼ਾ ਕੀਤਾ ਤਾਂ ਉਸ ਵਿਰੁੱਧ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇੰਸਪੈਕਟਰ ਚਰਨਜੀਤ ਸਿੰਘ, ਸਬ ਇੰਸਪੈਕਟਰ ਕੁਲਵੰਤ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਪੀ. ਸੀ. ਆਰ. ਤੇ ਟ੍ਰੈਫਿਕ ਇੰਚਾਰਜ ਸੁਰਜੀਤ ਸਿੰਘ ਪੱਤੜ ਆਪਣੀ ਪੁਲਸ ਪਾਰਟੀ ਸਮੇਤ ਹਾਜ਼ਰ ਸਨ।
ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ : ਈ. ਓ. 
ਈ. ਓ. ਕੁਲਭੂਸ਼ਣ ਗੋਇਲ ਨੇ ਕਿਹਾ ਕਿ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਨਾਜਾਇਜ਼ ਕਬਜ਼ਾ ਧਾਰਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।