ਨਿਗਮ ਦੀ ਵੱਡੀ ਕਾਰਵਾਈ, ਰਾਤੋਂ-ਰਾਤ ਗਾਇਬ ਕੀਤਾ ਟਿੱਕੀਆਂ ਵਾਲਾ ਚੌਕ (ਵੀਡੀਓ)

11/17/2019 6:42:06 PM

ਜਲੰਧਰ (ਸੋਨੂੰ,ਦੀਪਕ, ਖੁਰਾਣਾ, ਸ਼ਿੰਦਾ)— ਜਲੰਧਰ 'ਚ ਨਗਰ-ਨਿਗਮ ਨੇ ਦੇਰ ਰਾਤ ਸ਼ਹਿਰ ਦੇ ਸਭ ਤੋਂ ਮਸ਼ਹੂਰ ਚੌਕ ਟਿੱਕੀਆਂ ਵਾਲੇ ਚੌਕ ਗਾਇਬ ਕਰ ਦਿੱਤਾ। ਦਰਅਸਲ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਨਗਰ-ਨਿਗਮ ਨੇ ਪੁਲਸ ਦੀ ਮਦਦ ਨਾਲ ਚੌਕ 'ਚ ਸਾਲਾਂ ਤੋਂ ਚੱਲਦੇ ਆ ਰਹੇ ਟਿੱਕੀਆਂ-ਚਾਟ ਵਾਲੇ ਥੜ੍ਹੇ ਹਟਾ ਦਿੱਤੇ। ਸੂਚਨਾ ਮਿਲਣ 'ਤੇ ਜਿਵੇਂ ਹੀ ਥੜ੍ਹੇ 'ਤੇ ਦੁਕਾਨਾਂ ਚਲਾਉਂਦੇ ਦੁਕਾਨਦਾਰਾਂ ਮੌਕੇ 'ਤੇ ਪਹੁੰਚੇ ਅਤੇ ਆਪਣੀ ਰੋਜ਼ੀ-ਰੋਟੀ ਮਲੀਆਮੇਟ ਹੁੰਦੀ ਵੇਖ ਕੁਰਲਾ ਉਠੇ।

ਸਵੇਰੇ ਦੁਕਾਨਦਾਰ ਸੜਕਾਂ 'ਤੇ ਉਤਰ ਆਏ ਅਤੇ ਇਨਸਾਫ ਲਈ ਕਾਂਗਰਸ ਸਰਕਾਰ ਖਿਲਾਫ ਮੁਰਦਾਬਾਦ ਦੀ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜੇਕਰ ਨਿਗਮ ਨੇ ਸਾਡੀਆਂ ਦੁਕਾਨਾਂ ਨਾ ਬਣਾਈਆਂ ਤਾਂ ਉਹ ਨਿਗਮ ਦੇ ਬਾਹਰ ਪ੍ਰਦਰਸ਼ਨ ਕਰਨਗੇ।


ਧਰਨਾ ਲਗਾ ਕੇ ਬੈਠੇ ਦੁਕਾਨਦਾਰਾਂ ਦਾ ਦੋਸ਼ ਹੈ ਕਿ ਬਿਨਾਂ ਕਿਸੇ ਸੂਚਨਾ ਦੇ ਨਿਗਮ ਨੇ ਇਹ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਸਾਮਾਨ ਤੱਕ ਸਾਂਭਣ ਦਾ ਮੌਕਾ ਨਹੀਂ ਦਿੱਤਾ ਗਿਆ ਜਦਕਿ ਉਹ ਹਰ ਮਹੀਨੇ 1500 ਰੁਪਏ ਅਤੇ ਸੰਡੇ ਮਾਰਕੀਟ ਦੀ ਵੱਖਰੀ ਪਰਚੀ ਕਟਵਾਉਂਦੇ ਹਨ। ਦੁਕਾਨਦਾਰਾਂ ਨੇ ਕੌਸਲਰ 'ਤੇ ਵੀ ਸਾਥ ਨਾ ਦੇਣ ਦਾ ਦੋਸ਼ ਲਾਇਆ ਹੈ।  


ਰੈਣਕ ਬਾਜ਼ਾਰ, ਸ਼ੇਖਾ ਬਾਜ਼ਾਰ, ਮੀਣਾ ਬਾਜ਼ਾਰ ਅਤੇ ਹੋਰ ਅੰਦਰੂਨੀ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਆਉਣ ਵਾਲੀਆਂ ਔਰਤਾਂ ਅਤੇ, ਲੋਕਾਂ ਲਈ ਖਾਣ-ਪੀਣ ਲਈ ਇਹ ਪ੍ਰਮੁੱਖ ਜਗ੍ਹਾ ਸੀ। ਦੁਕਾਨਦਾਰਾਂ ਨੇ ਕਿਹਾ ਕਿ ਕਾਫੀ ਸਾਲਾਂ ਤੋਂ ਇਥੇ ਸੰਡੇ ਬਾਜ਼ਾਰ ਲੱਗਦਾ ਹੈ ਅਤੇ ਇਥੇ ਆਉਣ ਵਾਲੇ ਲੋਕਾਂ ਨੂੰ ਖਰੀਦਦਾਰੀ ਕਰਨ ਦੇ ਨਾਲ-ਨਾਲ ਖਾਣ-ਪੀਣ ਦੀਆਂ ਚੀਜ਼ਾਂ ਦਾ ਵੀ ਸਾਮਾਨ ਮਿਲਦਾ ਸੀ।  ਉਸ ਨੂੰ ਨਿਗਮ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਰਾਤ ਨੂੰ ਵੀ ਕੁਝ ਵਿਰੋਧ ਦਾ ਨਿਗਮ ਟੀਮ ਨੂੰ ਸਾਹਮਣਾ ਕਰਨਾ ਪਿਆ ਸੀ।


ਉਧਰ ਦੂਜੇ ਪਾਸੇ ਐੱਸ. ਐੱਚ. ਓ. ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਬਾਕਾਇਦਾ ਐਨਾਊਂਸਮੈਂਟ ਕਰਵਾਈ ਗਈ ਸੀ ਅਤੇ ਪਹਿਲਾਂ ਵੀ ਵਾਰਨਿੰਗ ਦਿੱਤੀ ਗਈ ਸੀ ਪਰ ਇਨ੍ਹਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਹਟਾਈਆਂ। ਜਿਸ 'ਤੇ ਮਜਬੂਰਨ ਨਿਗਮ ਨੂੰ ਇਹ ਕਾਰਵਾਈ ਕਰਨੀ ਪਈ।


ਬਿਨਾਂ ਸ਼ੱਕ ਨਿਗਮ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ ਤਾਂ ਜੋ  ਨਿੱਤ ਲੱਗਦੇ ਜਾਮ ਕਾਰਨ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲੇ ਪਰ ਇਹ ਵੀ ਸੱਚ ਹੈ ਕਿ ਨਿਗਮ ਦੀ ਇਸ ਕਾਰਵਾਈ ਨੇ ਕਿਤੇ ਨਾ ਕਿਤੇ ਕਈ ਪਰਿਵਾਰਾਂ ਦਾ ਰੋਜ਼ਗਾਰ ਖੋਹ ਲਿਆ ਹੈ।

shivani attri

This news is Content Editor shivani attri